ਅਮਰੀਕੀ ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਕੋਰੋਨਾਵਾਇਰਸ ਮੁੱਦੇ ‘ਤੇ ਵਿੰਨ੍ਹਿਆ ਚੀਨ ‘ਤੇ ਨਿਸ਼ਾਨਾ

207
Share

ਵਾਸ਼ਿੰਗਟਨ, 5 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ 244ਵੇਂ ਸੁੰਤਤਰਤਾ ਦਿਵਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮੁੱਦੇ ‘ਤੇ ਚੀਨ ਵਿਰੁੱਧ ਇਕ ਹੋਰ ਹਮਲਾ ਬੋਲਿਆ ਹੈ। ਟਰੰਪ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਚੀਨ ਤੋਂ ਵਾਇਰਸ ਦੇ ਹਮਲੇ ਤੋਂ ਪਹਿਲਾਂ ਅਮਰੀਕਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ਕੋਰੋਨਾਵਾਇਰਸ ਕਾਰਨ ਚੀਨ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ।
ਟਰੰਪ ਨੇ ਕਿਹਾ, ”ਵਿਦੇਸ਼ੀ ਜ਼ਮੀਨਾਂ ‘ਤੇ ਲਗਾਏ ਟੈਰਿਫ ਦੇ ਪ੍ਰਭਾਵ ਨੇ ਅਮਰੀਕਾ ਨੂੰ ਅਗਲੇ ਕਈ ਦਹਾਕਿਆਂ ਤੱਕ ਲਈ ਫਾਇਦਾ ਦਿਵਾਇਆ ਹੈ। ਹੁਣ ਅਸੀਂ ਵੱਡਾ ਵਪਾਰਕ ਸਮਝੌਤਾ ਕਰ ਸਕਦੇ ਹਾਂ। ਇਹ ਪਹਿਲਾਂ ਨਹੀਂ ਸੀ। ਜਦੋਂ ਕੁਝ ਦੇਸ਼ਾਂ ਤੋਂ ਅਮਰੀਕਾ ਖਜ਼ਾਨੇ ਵਿਚ ਖਰਬਾਂ ਡਾਲਰ ਆ ਰਹੇ ਸਨ, ਉਸੇ ਸਮੇਂ ਅਸੀਂ ਚੀਨ ਤੋਂ ਆਏ ਵਾਇਰਸ ਨਾਲ ਪ੍ਰਭਾਵਿਤ ਹੋ ਗਏ।”  ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਗਾਊਨ, ਮਾਸਕ ਅਤੇ ਸਰਜੀਕਲ ਸਾਮਾਨ ਬਣਾ ਰਹੇ ਹਾਂ। ਟਰੰਪ ਨੇ ਕਿਹਾ, ”ਇਹ ਪਹਿਲਾਂ ਸਿਰਫ ਵਿਦੇਸ਼ੀ ਜ਼ਮੀਨ ਖਾਸ ਤੌਰ ‘ਤੇ ਚੀਨ ਵਿਚ ਬਣਦੇ ਸਨ, ਜਿੱਥੋਂ ਇਹ ਵਾਇਰਸ ਅਤੇ ਹੋਰ ਚੀਜ਼ਾਂ ਆਈਆਂ। ਚੀਨ ਨੇ ਇਸ ਬੀਮਾਰੀ ਨੂੰ ਲੁਕੋਇਆ, ਜਿਸ ਨਾਲ ਇਹ ਪੂਰੀ ਦੁਨੀਆਂ ਵਿਚ ਫੈਲ ਗਈ। ਚੀਨ ਨੂੰ ਇਸ ਦੇ ਲਈ ਨਿਸ਼ਚਿਤ ਰੂਪ ਨਾਲ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।”
ਕੋਰੋਨਾਵਾਇਰਸ ਦੇ ਟੀਕੇ ਦੇ ਬਾਰੇ ਵਿਚ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸ਼ਾਨਦਾਰ ਢੰਗ ਨਾਲ ਤਰੱਕੀ ਕਰ ਰਹੇ ਹਾਂ। ਟਰੰਪ ਨੇ ਕਿਹਾ, ”ਅਸੀਂ ਹੁਣ ਅਵਿਸ਼ਵਾਸਯੋਗ ਤਰੀਕੇ ਨਾਲ ਬਹੁਤ ਚੰਗਾ ਕਰ ਰਹੇ ਹਾਂ ਅਤੇ ਲਗਾਤਾਰ ਟੈਸਟਿੰਗ ਕਰ ਰਹੇ ਹਾਂ। ਇਲਾਜ ਕਰ ਰਹੇ ਹਾਂ। ਮੈਂ ਦੇਸ਼ ਅਤੇ ਦੁਨੀਆਂ ਭਰ ਵਿਚ ਵਿਗਿਆਨੀਆਂ ਅਤੇ ਸ਼ੋਧ ਕਰਤਾਵਾਂ ਨੂੰ ਇੰਨੀ ਤੇਜ਼ੀ ਨਾਲ ਵੈਕਸੀਨ ਬਣਾਉਣ ਲਈ ਸ਼ੁਕਰੀਆ ਕਹਿਣਾ ਚਾਹੁੰਦਾ ਹਾਂ।” ਉਨ੍ਹਾਂ ਨੇ ਆਸ ਜ਼ਾਹਿਰ ਕੀਤੀ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਆ ਜਾਵੇਗੀ। ਟਰੰਪ ਨੇ ਕਿਹਾ ਕਿ ਦੇਸ਼ ‘ਚ ਹੁਣ ਤੱਕ 4 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।


Share