ਅਮਰੀਕੀ ਸਿੱਖਾਂ ‘ਚ ਮਨਜਿੰਦਰ ਸਿਰਸਾ ਦੇ ਬਿਆਨ ‘ਤੇ ਭਖਿਆ ਰੋਸ

679
Share

ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਸਿੱਖ ਹਲਕਿਆਂ ‘ਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਬਿਆਨ ਨੇ ਵੱਡਾ ਰੋਸ ਪੈਦਾ ਕਰ ਦਿੱਤਾ ਹੈ। ਅਮਰੀਕਾ ਦੇ ਸਿੱਖਾਂ ਨੇ ਇਸ ਸਬੰਧੀ ਮੀਟਿੰਗ ਕਰਕੇ ਸਿੱਖ ਆਗੂ ਸਿਰਸਾ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਿਰਸਾ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਅਮਰੀਕਾ ਦੇ ਗੁਰਦੁਆਰਿਆਂ ਦੀ ਸਾਂਝੀ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰੈੱਸ ਨੋਟ ਅਨੁਸਾਰ ਸਿਰਸਾ ਨੇ ਬਹੁਤ ਚਲਾਕੀ ਦੇ ਨਾਲ ਇਹ ਕਿਹਾ ਕਿ ਸਰਕਾਰਾਂ ਦੇ ਕਹਿਣ ਦੀ ਬਜਾਏ ਖੁਦ ਧਾਰਮਿਕ ਅਦਾਰਿਆਂ ਨੂੰ ਇਹ ਪੇਸ਼ਗੀ ਕਰ ਦੇਣੀ ਚਾਹੀਦੀ ਹੈ, ਸਰਕਾਰਾਂ ਧਾਰਮਿਕ ਅਦਾਰਿਆਂ ਕੋਲ ਪਿਆਂ ਸਰਮਾਇਆ ਵਰਤ ਸਕਣ। ਸਿਰਸੇ ਨੇ ਸਿੱਧਾ ਆਪਣੇ ਸ਼ਬਦਾਂ ‘ਚ ਗੁਰਦੁਆਰਿਆਂ ‘ਚ ਪਏ ਸੋਨੇ ਨੂੰ ਸਰਕਾਰ ਹਵਾਲੇ ਕਰਨ ਦੀ ਗੱਲ ਕਹੀ ਹੈ। ਜਿਸ ਵਿਚ ਸਿਰਸਾ ਦੀ ਚਲਾਕ ਜ਼ੁਬਾਨ ਨਾਗਪੁਰੀ ਛੱਲ ਦੇ ਵਲੇਵੇਂ ਬਣਾਉਂਦੀ ਸਾਫ ਦਿਸ ਰਹੀ ਹੈ। ਸਿਰਸਾ ਬਹੁਤ ਚਲਾਕੀ ਨਾਲ ਸਿੱਖਾਂ ਦੀ ਸੰਪੰਤੀ ਨੂੰ ਭਾਰਤੀ ਸਰਕਾਰ ਹਵਾਲੇ ਕਰਨ ਦੀ ਸਲਾਹ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਆਗੂ ਨੇ ਸਰਕਾਰਾਂ ਨੂੰ ਧਰਮ ਅਸਥਾਨਾਂ ਦਾ ਸਰਮਾਇਆ ਵਰਤਣ ਦੀ ਪੇਸ਼ਕਸ਼ ਕੀਤੀ ਹੈ, ਜੋ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਸ. ਹਿੰਮਤ ਸਿੰਘ ਅਤੇ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਖ-ਵੱਖ ਸਿੱਖ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਪੰਥ ਵਿਰੋਧੀ ਲੋਕਾਂ ‘ਤੇ ਬਾਜ ਅੱਖ ਰੱਖੀ ਜਾ ਰਹੀ ਹੈ। ਇਨ੍ਹਾਂ ‘ਤੇ ਹਰ ਤਰ੍ਹਾਂ ਦੀ ਢੁੱਕਵੀ ਕਾਰਵਾਈ ਕੀਤੀ ਜਾਵੇਗੀ ਅਤੇ ਅਮਰੀਕਾ ਦੇ ਗੁਰਦੁਆਰਿਆਂ ‘ਚੋਂ ਇਹੋ ਜਿਹੇ ਸਾਰੇ ਭਾਰਤੀ ਏਜੰਟਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਂਦਾ ਹੈ।


Share