
ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)-ਅਮਰੀਕੀ ਸਰਕਾਰ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੇ ‘ਕੌਮਾਂਤਰੀ ਭਿ੍ਰਸ਼ਟਾਚਾਰ ਵਿਰੋਧੀ ਚੈਂਪੀਅਨਜ਼ ਐਵਾਰਡ’ ਲਈ ਐਲਾਨੇ 12 ‘ਸਾਹਸੀ’ ਵਿਅਕਤੀਆਂ ’ਚ ਭਾਰਤ ਦੀ ਸਮਾਜਿਕ ਕਾਰਕੁਨ ਅੰਜਲੀ ਭਾਰਦਵਾਜ ਦਾ ਨਾਂ ਵੀ ਸ਼ਾਮਲ ਹੈ। ਵਿਦੇਸ਼ ਵਿਭਾਗ ਅਨੁਸਾਰ 48 ਸਾਲਾ ਭਾਰਦਵਾਜ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ’ਚ ਸੂਚਨਾ ਦੇ ਅਧਿਕਾਰ ਅੰਦੋਲਨ ਵਿਚ ਸਰਗਰਮ ਮੈਂਬਰ ਵਜੋਂ ਭੂਮਿਕਾ ਨਿਭਾਈ ਹੈ। ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ‘ਕੌਮਾਂਤਰੀ ਭਿ੍ਰਸ਼ਟਾਚਾਰ ਵਿਰੋਧੀ ਚੈਂਪੀਅਨਜ਼ ਐਵਾਰਡ ਰਾਹੀਂ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ, ਜੋ ਵਿਰੋਧੀ ਹਾਲਾਤ ਵਿਚ ਸੰਘਰਸ਼ ਕਰਦਿਆਂ ਭਿ੍ਰਸ਼ਟਾਚਾਰ ਨਾਲ ਲੜਨ ਅਤੇ ਆਪਣੇ ਦੇਸ਼ ਵਿਚ ਪਾਰਦਰਸ਼ਿਤਾ, ਜਵਾਬਦੇਹੀ ਤੈਅ ਕਰਨ ਦੀ ਲੜਾਈ ਲੜਦੇ ਹਨ।’ ਲੋਕਾਂ ਦੇ ਸਮੂਹ ‘ਸਤਰਕ ਨਾਗਰਿਕ ਸੰਗਠਨ’ ਦੀ ਸੰਸਥਾਪਕ ਅੰਜਲੀ ਭਾਰਦਵਾਜ ਨੇ ਟਵੀਟ ਕਰ ਕੇ ਕਿਹਾ ਕਿ ਇਹ ‘ਮਾਨਤਾ’ ਇਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਅੰਦੋਲਨ ’ਤੇ ਅਜਿਹੇ ਸਮੇਂ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲੇਗੀ, ਜਦੋਂ ਦੇਸ਼ ਵਿਚ ਸੱਤਾ ਦੇ ਸਾਹਮਣੇ ਸੱਚ ਬੋਲ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।