ਅਮਰੀਕੀ ਸਰਕਾਰ ਨੇ ਰਾਜਾਂ ਨੂੰ ਦਿੱਤੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾਂ ਟੀਕਾ ਲਗਾਉਣ ਲਈ ਹਰੀ ਝੰਡੀ

57
Share

ਫਰਿਜ਼ਨੋ (ਕੈਲੀਫੋਰਨੀਆਂ), 14 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਦੇਸ਼ ਵਿੱਚ ਵਧ ਰਹੀ ਕੋਰੋਨਾਂ ਵਾਇਰਸ ਦੀ ਲਾਗ ਦੇ ਮੱਦੇਨਜ਼ਰ, ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਮੰਤਵ ਨਾਲ ਸਰਕਾਰ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਅਲੈਕਸ ਅਜ਼ਰ ਨੇ ਮੰਗਲਵਾਰ ਨੂੰ ਫੈਡਰਲ ਸਰਕਾਰ ਦੀ ਕੋਰੋਨਾਂ ਟੀਕਾਕਰਨ ਯੋਜਨਾ ਵਿੱਚ  ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਨਵੀ ਯੋਜਨਾ ਦੇ ਤਹਿਤ ਰਾਜਾਂ ਨੂੰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਅਤੇ 65 ਸਾਲ ਤੋਂ ਘੱਟ ਉਮਰ ਦੇ ਉਹ ਲੋਕ ਜੋ  ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ,ਨੂੰ ਟੀਕੇ ਲਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸਦੇ ਇਲਾਵਾ ਸਰਕਾਰ ਕੋਰੋਨਾਂ ਟੀਕੇ ਦੀਆਂ ਖੁਰਾਕਾਂ ਦੀ ਇੱਕ ਵੱਡੀ ਸਪਲਾਈ ਨੂੰ ਟੀਕੇ ਦੀ ਦੂਜੀ ਖੁਰਾਕ ਨੂੰ ਯਕੀਨੀ ਬਨਾਉਣ ਲਈ ਵੀ ਜਾਰੀ ਕਰੇਗੀ ਅਤੇ ਨਵੀਆਂ ਜਾਰੀ ਕੀਤੀਆਂ  ਖੁਰਾਕਾਂ ਨੂੰ ਟੀਕੇ ਲਈ ਪਹਿਲੀ ਜਾਂ ਦੂਜੀ ਖੁਰਾਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਦੇਸ਼ ਵਿੱਚ ਕੋਰੋਨਾਂ ਟੀਕਾਕਰਨ ਸ਼ੁਰੂ ਕਰਨ ਤੇ ਟਰੰਪ ਪ੍ਰਸ਼ਾਸਨ ਨੇ 2020 ਦੇ ਅੰਤ ਤੱਕ 20 ਮਿਲੀਅਨ ਅਮਰੀਕੀਆਂ ਨੂੰ ਟੀਕਾ ਲਗਾਉਣ ਦਾ ਵਾਅਦਾ ਕੀਤਾ ਸੀ, ਜਿਸ ਲਈ ਦੇਸ਼ ਭਰ ਵਿੱਚ 25 ਮਿਲੀਅਨ ਤੋਂ ਵੱਧ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ, ਪਰ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ ) ਅਤੇ ਕੋਵਿਡ ਡਾਟ ਟਰੈਕਰ ਦੇ ਅਨੁਸਾਰ, ਹੁਣ ਤੱਕ ਸਿਰਫ 9 ਮਿਲੀਅਨ ਲੋਕਾਂ ਨੂੰ ਹੀ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਹੈ।ਅਜ਼ਰ ਦੇ ਅਨੁਸਾਰ, ਸੰਯੁਕਤ ਰਾਜ ਟੀਕਾਕਰਨ ਪ੍ਰਕਿਰਿਆ ਵਿੱਚ 10 ਦਿਨਾਂ ਦੇ ਸਮੇਂ ਵਿੱਚ ਇੱਕ ਮਿਲੀਅਨ ਲੋਕਾਂ ਨੂੰ ਪ੍ਰਤੀ ਦਿਨ ਟੀਕਾ ਲਗਾਉਣ ਦੀ ਰਾਹ ‘ਤੇ ਹੈ, ਅਤੇ ਯੋਗ ਟੀਕਾਕਰਨ ਸਮੂਹ ਦੀ ਉਮਰ ਸੀਮਾ ਨੂੰ ਵਧਾਉਣ ਦੇ ਨਾਲ ਅਜ਼ਰ ਨੇ ਰਾਜਾਂ ਨੂੰ ਟੀਕਾਕਰਨ ਲਈ ਵਧੇਰੇ ਕੇਂਦਰ ਖੋਲ੍ਹਣ ਦੇ ਵੀ ਨਿਰਦੇਸ਼ ਵੀ ਦਿੱਤੇ ਹਨ। ਜਿਸ ਲਈ ਰਾਜਾਂ ਨੂੰ  ਲੋੜ ਅਨੁਸਾਰ ਫਾਰਮੇਸੀਆਂ, ਕਮਿਊਨਿਟੀ ਸਿਹਤ ਕੇਂਦਰਾਂ, ਅਤੇ ਵੱਡੇ ਟੀਕਾਕਰਨ ਕੇਂਦਰਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ।

Share