ਅਮਰੀਕੀ ਸਦਨ ਨੇ ਪਾਈਆਂ ਕੋਰੋਨਾਂ ਰਾਹਤ ਪੈਕੇਜ ਦੀ ਰਾਸ਼ੀ ਨੂੰ 2,000 ਡਾਲਰ ਤੱਕ ਵਧਾਉਣ ਦੇ ਹੱਕ ’ਚ ਵੋਟਾਂ

71
Share

ਫਰਿਜ਼ਨੋ, 30 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦੌਰਾਨ ਅਮਰੀਕਾ ਵਾਸੀਆਂ ਨੂੰ ਆਰਥਿਕ ਸਹਾਇਤਾ ਦੇਣ ਵਾਲਾ ਰਾਹਤ ਪੈਕੇਜ ਜੋ ਕਿ ਰਾਸ਼ਟਰਪਤੀ ਦੁਆਰਾ ਪਾਸ ਕੀਤਾ ਗਿਆ ਹੈ, ਪਰ ਨਾਲ ਹੀ ਟਰੰਪ ਵੱਲੋਂ ਉਸ ਵਿਚਲੀ ਸਿੱਧੀ ਸਹਾਇਤਾ ਰਾਸ਼ੀ ਨੂੰ 2000 ਡਾਲਰ ਤੱਕ ਵਧਾਉਣ ਸੰਬੰਧੀ ਸੰਸਦ ਮੈਂਬਰਾਂ ਨੂੰ ਅਪੀਲ ਕਰਨ ਤੋਂ ਬਾਅਦ ਸਯੁੰਕਤ ਰਾਜ ਦੇ ਪ੍ਰਤੀਨਿਧੀਆਂ ਨੇ ਸੋਮਵਾਰ ਨੂੰ ਇਸ ਬਿੱਲ ਦੀ ਰਕਮ ਨੂੰ 2,000 ਡਾਲਰ ਕਰਨ ਦੇ ਹੱਕ ਵਿਚ ਵੋਟ ਦਿੱਤੀ ਹੈ। ਇਹ ਬਿੱਲ ਕੋਰੋਨਾਵਾਇਰਸ ਰਾਹਤ ਪੈਕੇਜ ਵਿਚ ਸਿੱਧੀ ਅਦਾਇਗੀ ਨੂੰ 600 ਡਾਲਰ ਤੋਂ ਵਧਾਏਗਾ। ਇਹ ਵੋਟਿੰਗ ਟਰੰਪ ਦੁਆਰਾ ਰਾਹਤ ਅਤੇ ਸਰਕਾਰੀ ਖਰਚਿਆਂ ਦੇ ਬਿੱਲ ’ਤੇ ਦਸਤਖਤ ਕਰਨ ਦੇ ਇੱਕ ਦਿਨ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਹਾਊਸ ਰਿਪਬਲਿਕਨਜ਼ ਨੇ ਡੈਮੋਕਰੇਟਸ ਵੱਲੋਂ ਇੱਕ ਸੰਖੇਪ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਪੇਸ਼ ਕੀਤੇ ਗਏ 2,000 ਡਾਲਰ ਦੇ ਚੈੱਕਾਂ ਸੰਬੰਧੀ ਬਿੱਲ ਦੇ ਪ੍ਰਸਤਾਵ ਨੂੰ 24 ਦਸੰਬਰ ਦੇ ਦਿਨ ਰੋਕ ਦਿੱਤਾ ਸੀ ਕਿਉਂਕਿ ਹਾਊਸ ਘੱਟ ਗਿਣਤੀ ਦੇ ਨੇਤਾ ਕੇਵਿਨ ਮੈਕਕਾਰਥੀ ਜੋ ਕਿ ਇੱਕ ਰਿਪਬਲਿਕਨ ਹਨ, ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਇਸਦੇ ਬਾਅਦ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਸੋਮਵਾਰ ਨੂੰ ਸਦਨ ਵਿਚ ਇਸ ਸੰਬੰਧੀ ਵਾਪਸ ਸੈਸ਼ਨ ਕਰਨ ਦੀ ਗੱਲ ਕਹੀ ਸੀ। ਇੱਕ ਰਿਪੋਰਟ ਅਨੁਸਾਰ, ਬਿਲ ਨੂੰ ਸਦਨ ਦੀ ਪਰਿਕਿ੍ਰਆ ਤਹਿਤ ਪਾਸ ਕਰਨ ਲਈ ਦੋ ਤਿਹਾਈ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਚੈਂਬਰ ਨੂੰ ਕਾਨੂੰਨਾਂ ’ਤੇ ਵਧੇਰੇ ਤੇਜ਼ੀ ਨਾਲ ਵੋਟ ਪਾਉਣ ਦੀ ਆਗਿਆ ਮਿਲਦੀ ਹੈ। ਇਸ ਲਈ ਸਦਨ ਨੇ ਸੋਮਵਾਰ ਸ਼ਾਮ ਨੂੰ ਇਸ ਬਿੱਲ ਨੂੰ ਪਾਸ ਕਰਨ ਲਈ ਵੋਟ ਦਿੱਤੀ, ਜਿਸ ਵਿਚ 275 ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਜਦਕਿ ਦੋ ਡੈਮੋਕਰੇਟਸ ਸਮੇਤ 134 ਮੈਂਬਰਾਂ ਨੇ ਇਸਦੇ ਵਿਰੁੱਧ ਵੋਟ ਪਾਈ। ਇਸ ਤੋਂ ਅਗਲੀ ਕਾਰਵਾਈ ਲਈ ਬਿੱਲ ਵਿਚਲੀ ਸਿੱਧੀ ਸਹਾਇਤਾ ਰਾਸ਼ੀ ਨੂੰ 2000 ਡਾਲਰ ਤੱਕ ਕਰਨ ਲਈ ਇਹ ਪ੍ਰਸਤਾਵ ਹੁਣ ਰਿਪਬਲਿਕਨ ਨਿਯੰਤਰਿਤ ਸੈਨੇਟ ਵੱਲ ਜਾਵੇਗਾ, ਜਿੱਥੇ ਇਸਦਾ ਭਵਿੱਖ ਅਸਪੱਸ਼ਟ ਹੈ, ਕਿਉਂਕਿ ਇਸ ਸੰਬੰਧੀ ਸ਼ੰਕਾ ਹੈ ਕਿ ਸੈਨੇਟ ਵਿਚ ਰਿਪਬਲਿਕਨ ਇਸ ਸੰਬੰਧੀ ਕੀ ਪ੍ਰਤੀਕਿਰਿਆ ਜ਼ਾਹਿਰ ਕਰਨਗੇ।

Share