ਅਮਰੀਕੀ ਰਾਸ਼ਟਰਪਤੀ ਵੱਲੋਂ ਅਮਰੀਕਾ ਆਉਣ ਵਾਲੇ ਲੋਕਾਂ ਲਈ ਕੋਵਿਡ-19 ਦੀ ਜਾਂਚ ਲਾਜ਼ਮੀ ਕਰਾਰ

104
Share

ਵਾਸ਼ਿੰਗਟਨ, 22 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵਿਦੇਸ਼ਾਂ ਤੋਂ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਲਈ ਕੋਰੋਨਾਵਾਇਰਸ ਜਾਂਚ ਅਤੇ ਇਕਾਂਤਵਾਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਕਈ ਕਾਰਜਕਾਰੀ ਆਦੇਸ਼ਾਂ ’ਤੇ ਦਸਤਖ਼ਤ ਕੀਤੇ ਹਨ। ਬਾਇਡਨ ਨੇ ਆਦੇਸ਼ਾਂ ’ਤੇ ਦਸਤਖ਼ਤ ਕਰਨ ਮਗਰੋਂ ਵ੍ਹਾਈਟ ਹਾਊਸ ਵਿਖੇ ਇਕ ਪ੍ਰੋਗਰਾਮ ’ਚ ਕਿਹਾ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਇਸ ਦੇ ਇਲਾਵਾ ਜਿਹੜੇ ਵੀ ਦੂਜੇ ਦੇਸ਼ਾਂ ਤੋਂ ਅਮਰੀਕਾ ਆ ਰਹੇ ਹਨ ਉਨ੍ਹਾਂ ਲੋਕਾਂ ਨੂੰ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਅਤੇ ਅਮਰੀਕਾ ਆਉਣ ’ਤੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ।¿;
ਉਨ੍ਹਾਂ ਨੇ ਕਿਹਾ ਕਿ ਸਾਡੀ ਰਾਸ਼ਟਰੀ ਯੋਜਨਾ ’ਚ ਯੁੱਧ ਪੱਧਰ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਉਤਪਾਦਨ ਵਧਾ ਕੇ ਸਪਲਾਈ ਵਿਚ ਆਈ ਕਮੀ ਨੂੰ ਦੂਰ ਕੀਤਾ ਜਾ ਸਕੇ। ਭਾਵੇਂ ਇਹ ਸਪਲਾਈ ਰੱਖਿਆਤਮਕ ਉਪਕਰਨ, ਸੀਰਿੰਜ, ਸੂਈਆਂ ਆਦਿ ਦੀ ਹੋਵੇ। ਬਾਇਡਨ ਮੁਤਾਬਕ, ਜਦੋਂ ਮੈਂ ਯੁੱਧ ਕਾਲ ਕਹਿੰਦਾ ਹਾਂ, ਤਾਂ ਲੋਕ ਹੈਰਾਨੀ ਨਾਲ ਦੇਖਦੇ ਹਨ। ਕੱਲ੍ਹ ਰਾਤ ਤੱਕ 4,00,000 ਅਮਰੀਕੀਆਂ ਦੀ ਜਾਨ ਚਲੀ ਗਈ ਅਤੇ ਇਹ ਦੂਜੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਮਿ੍ਰਤਕਾਂ ਦੀ ਗਿਣਤੀ 5,00,000 ਤੋਂ ਵੀ ਵੱਧ ਹੋਣ ਦਾ ਖਦਸ਼ਾ ਹੈ ਅਤੇ ਕੋਰੋਨਾਵਾਇਰਸ ਦੇ ਮਾਮਲੇ ਵੀ ਵੱਧਦੇ ਰਹਿਣਗੇ। ਬਾਇਡਨ ਨੇ ਕਿਹਾ ਕਿ ਅਸੀਂ ਇਸ ਸਥਿਤੀ ਨਾਲ ਰਾਤੋਂ-ਰਾਤ ਨਜਿੱਠ ਨਹੀਂ ਸਕਦੇ, ਚੀਜ਼ਾਂ ਨੂੰ ਬਦਲਣ ਵਿਚ ਕਈ ਮਹੀਨਿਆਂ ਦਾ ਸਮਾਂ ਸਮਾਂ ਲੱਗੇਗਾ ਪਰ ਅਸੀਂ ਇਸ ਸਥਿਤੀ ਤੋਂ ਉਭਰ ਜਾਵਾਂਗੇ। ਅਸੀਂ ਇਸ ਮਹਾਮਾਰੀ ਨੂੰ ਹਰਾ ਦੇਵਾਂਗੇ ਅਤੇ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਰਾਸ਼ਟਰ ਨੂੰ ਮੈਂ ਸਾਫ ਕਹਿ ਦੇਣਾ ਚਾਹੁੰਦਾ ਹਾਂ ਕਿ ਮਦਦ ਇਸ ਦਿਸ਼ਾ ਵਿਚ ਵੱਧ ਰਹੀ ਹੈ।
ਕੋਵਿਡ-19 ’ਤੇ ਰਾਸ਼ਟਰੀ ਰਣਨੀਤੀ ਅਤੇ ਮਹਾਮਾਰੀ ਨੂੰ ਹਰਾਉਣ ਲਈ ਕਾਰਜਕਾਰੀ ਕਦਮਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਬਾਇਡਨ ਨੇ ਕਿਹਾ ਕਿ ਇਹ ਯੋਜਨਾ ਉਨ੍ਹਾਂ ਵਿਚਾਰਾਂ ਨੂੰ ਪਾਬੰਦੀਸ਼ੁਦਾ ਕਰਦੀ ਹੈ, ਜੋ ਉਨ੍ਹਾਂ ਨੇ ਪ੍ਰਚਾਰ ਮੁਹਿੰਮ ਦੌਰਾਨ ਸਾਹਮਣੇ ਰੱਖੇ ਸਨ ਅਤੇ ਬੀਤੇ ਤਿੰਨ ਮਹੀਨਿਆਂ ਵਿਚ ਇਨ੍ਹਾਂ ਵਿਚ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਣਨੀਤੀ ਵਿਆਪਕ ਅਤੇ ਵਿਸਤਿ੍ਰਤ ਹੈ ਅਤੇ ਇਹ ਰਾਜਨੀਤੀ ਅਤੇ ਇਨਕਾਰ ’ਤੇ ਨਹੀਂ, ਸਗੋਂ ਵਿਗਿਆਨ ਅਤੇ ਸੱਚਾਈ ’ਤੇ ਆਧਾਰਿਤ ਹੈ।
ਬਾਇਡਨ ਨੇ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਵਿਚ ਸੁਰੱਖਿਅਤ ਅਤੇ ਪ੍ਰਭਾਵੀ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ ਅਤੇ ਪ੍ਰਸ਼ਾਸਨ ਦੇ ਪਹਿਲੇ 100 ਦਿਨ ਵਿਚ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਹਾਸਲ ਕਰਨਾ ਹੈ। ਬਾਇਡਨ ਨੇ ਇਕ ਹੋਰ ਆਦੇਸ਼ ’ਤੇ ਵੀ ਦਸਤਖ਼ਤ ਕੀਤੇ ਹਨ, ਜਿਸ ਵਿਚ ਰੱਖਿਆ ਉਤਪਾਦਨ ਐਕਟ ਅਤੇ ਹੋਰ ਉਪਲਬਧ ਅਧਿਕਾਰੀਆਂ ਦੀ ਵਰਤੋਂ ਕਰਦਿਆਂ ਸਾਰੇ ਸੰਘੀ ਏਜੰਸੀਆਂ ਅਤੇ ਨਿੱਜੀ ਉਦਯੋਗਾਂ ਨੂੰ ਇਹ ਨਿਰਦੇਸ਼ ਦਿੱਤਾ ਜਾਵੇਗਾ ਕਿ ਉਹ ਸੁਰੱਖਿਆ, ਜਾਂਚ ਅਤੇ ਟੀਕਾਕਰਨ ਲਈ ਜੋ ਕੁਝ ਵੀ ਜ਼ਰੂਰੀ ਹੈ, ਉਸ ਦੇ ਉਤਪਾਦਨ ਨੂੰ ਵਧਾਉਣ।

Share