ਅਮਰੀਕੀ ਰਾਸ਼ਟਰਪਤੀ ਨੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਵਾਲਾ ਬਿਆਨ ਮੁੜ ਦੁਹਰਇਆ

ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁੜ ਇੱਕ ਵਾਰ ਪਾਕਿਸਤਾਨ-ਭਾਰਤ ਦੇ ਵਿਚ ਚਲ ਰਹੇ ਕਸ਼ਮੀਰ ਵਿਵਾਦ ਨੂੰ ਲੈ ਕੇ Îਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਵਾਦ ਨੂੰ ਹੱਲ ਕਰਨਾ ਭਾਰਤ ਅਤੇ ਪਾਕਿਸਤਾਨ ‘ਤੇ ਨਿਰਭਰ ਕਰਦਾ ਹੈ। ਹਾਲਾਂਕਿ ਦੋਵੇਂ ਦੇਸ਼ ਚਾਹੁੰਦੇ ਹਨ ਤਾਂ ਮੈਂ ਇਸ ਵਿਚੋਲਗੀ ਨਿਭਾਉਣ ਲਈ ਤਿਆਰ ਹਾਂ। ਵਿਵਾਦ ਹਲ ਕਰਨ ਦੇ ਲਈ ਸਾਡੀ ਵਿਚੋਲਗੀ ਪੂਰੀ ਤਰ੍ਹਾਂ ਭਾਰਤ ਅਤੇ ਪਾਕਿਸਤਾਨ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੱਖਣੀ ਏਸ਼ਿਆਈ ਗੁਆਂਢੀ ਦੇਸ਼ ਇਸ ਦਹਾਕਿਆਂ ਪੁਰਾਣੇ ਮੁੱਦੇ ਨੂੰ ਹਲ ਕਰਨ ਵਿਚ ਮਦਦ ਮੰਗਦੇ ਹਨ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਦੇ। ਟਰੰਪ ਦੀ ਕਸ਼ਮੀਰ ‘ਤੇ ਫੇਰ ਕੀਤੀ ਗਈ ਟਿੱਪਣੀ ‘ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੈਂਕਾਕ ਵਿਚ ਅਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਕਸ਼ੀਮਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਸਲਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ ਅਮਰੀਕੀ ਹਮਰੁਤਬਾ ਪੌਂਪੀਓ ਨੂੰ ਸਪਸ਼ਟ ਤੌਰ ‘ਤੇ ਦੱਸ ਦਿੱਤਾ ਕਿ ਕਸ਼ਮੀਰ ਮਸਲੇ ‘ਤੇ ਜੇਕਰ ਵਾਰਤਾ ਹੋਵੇਗੀ ਤਾਂ ਉਹ ਦੁਵੱਲੇ ਅਤੇ ਸਿਰਫ ਪਾਕਿਸਤਾਨ ਦੇ ਨਾਲ ਹੋਵੇਗੀ। ਦੱਸ ਦੇਈਏ ਕਿ ਟਰੰਪ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਅਪਣੇ ਪਿਛਲੇ ਹਫ਼ਤੇ ਦੀ ਬੈਠਕ ਦਾ ਜ਼ਿਕਰ ਕਰ ਰਹੇ ਸੀ, ਜਿਸ ਵਿਚ ਉਨ੍ਹਾਂ ਨੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਵਿਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਭਾਰਤ ਨੇ ਟਰੰਪ ਦੇ ਇਸ ਮਤੇ ਨੂੰ ਖਾਰਜ ਕਰ ਦਿੱਤਾ। ਜਦ ਕਿ ਪਾਕਿਸਤਾਨ ਨੇ ਟਰੰਪ ਦੇ ਬਿਆਨ ਦਾ ਸੁਆਗਤ ਕੀਤਾ ਸੀ।