ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਕੀਤੇ ਸਖ਼ਤ

237
Share

ਵਾਸ਼ਿੰਗਟਨ, 3 ਨਵੰਬਰ (ਪੰਜਾਬ ਮੇਲ)-ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪੈਣਗੀਆਂ। ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਚੋਣਾਂ ਨਾਲ ਜੁੜੀ ਹਿੰਸਾ ਦੇਖਣ ਨੂੰ ਮਿਲੀ ਹੈ। ਵਾਸ਼ਿੰਗਟਨ ਡੀਸੀ ਵਿਚ ਦੁਕਾਨਾਂ ਦੀਆਂ ਤਾਕੀਆਂ ਨੂੰ ਪਲਾਈਵੁੱਡ ਤੇ ਬੈਰੀਅਰ ਲਾ ਕੇ ਸੁਰੱਖਿਅਤ ਕੀਤਾ ਜਾ ਰਿਹਾ ਹੈ। ਹਾਲਾਂਕਿ ਕਿਸੇ ਹਿੰਸਕ ਗਤੀਵਿਧੀ ਬਾਰੇ ਖ਼ੁਫੀਆ ਜਾਣਕਾਰੀ ਨਹੀਂ ਹੈ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਚੌਕਸ ਹੈ। ਵਾਈਟ ਹਾਊਸ ਦੇ ਆਲੇ-ਦੁਆਲੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਲਾਸ ਏਂਜਲਸ, ਨਿਊ ਯਾਰਕ ਤੇ ਸ਼ਿਕਾਗੋ ਵਿਚ ਵੀ ਕਾਰੋਬਾਰੀ ਆਪਣੀ ਸੰਪਤੀ ਨੂੰ ਸੁਰੱਖਿਅਤ ਕਰ ਰਹੇ ਹਨ। ਵਾਸ਼ਿੰਗਟਨ ਡੀਸੀ ਪੁਲੀਸ ਨੇ ਆਪਣੇ ਅਫ਼ਸਰਾਂ ਦੀ ਛੁੱਟੀ ਰੱਦ ਕਰ ਦਿੱਤੀ ਹੈ। ਇਕ ਨਵੇਂ ਚੋਣ ਸਰਵੇਖਣ ਮੁਤਾਬਕ ਜੋਅ ਬਾਇਡਨ, ਡੋਨਲਡ ਟਰੰਪ ਤੋਂ ਕੌਮੀ ਪੱਧਰ ਉਤੇ 10 ਪ੍ਰਤੀਸ਼ਤ ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਹੈ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਹੀ ਵਿਸ਼ਵ ਭਰ ਦੇ ਲੋਕਤੰਤਰਾਂ ਦਾ ਸਿਖ਼ਰ ਸੰਮੇਲਨ ਕਰਵਾਉਣਗੇ। ਇਸ ਦਾ ਮੰਤਵ ਸੰਸਾਰ ਵਿਚ ‘ਵੱਧ ਰਹੀ ਤਾਨਾਸ਼ਾਹੀ’ ਦਾ ਜਵਾਬ ਦੇਣਾ ਹੋਵੇਗਾ। ਇਸ ਤੋਂ ਇਲਾਵਾ ਸੁਰੱਖਿਅਤ ਚੋਣਾਂ ਤੇ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਵੀ ਵਿਚਾਰੇ ਜਾਣਗੇ। ਬਾਇਡਨ ਨੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਸੰਸਾਰ ਦੇ ਹਰ ਤਾਨਾਸ਼ਾਹ ਨੂੰ ‘ਉਤਸ਼ਾਹਿਤ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਟਰੰਪ ਨੇ ਅਮਰੀਕਾ ਦੀ ਭਰੋਸੇਯੋਗਤਾ ਨੂੰ ਸੱਟ ਮਾਰੀ ਹੈ।


Share