ਅਮਰੀਕੀ ਰਾਸ਼ਟਰਪਤੀ ਚੋਣਾਂ: ਜੋਅ ਬਿਡੇਨ ਦੇ ਹੱਕ ‘ਚ ਨਿਤਰੀ ਹਿਲੇਰੀ ਕਲਿੰਟਨ

435
Share

ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਜੋਅ ਬਿਡੇਨ ਦੇ ਹੱਕ ਵਿਚ ਉਤਰੀ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ ‘ਚ ਟੱਕਰ ਦੇਣ ਲਈ ਦੌੜ ਵਿਚ ਹਨ। ਕੋਰੋਨਾਵਾਇਰਸ ਨੂੰ ਲੈ ਕੇ ਹੋ ਰਹੀ ਇਕ ਟੀ.ਵੀ. ਚਰਚਾ ਦੌਰਾਨ ਹਿਲੇਰੀ ਕਲਿੰਟਨ ਨੇ ਜੋਅ ਬਿਡੇਨ ਦਾ ਪੱਖ ਲੈਂਦੇ ਹੋਏ ਇਸ ਬਾਰੇ ਦੱਸਿਆ।
ਹਿਲੇਰੀ ਨੇ ਟਰੰਪ ਦਾ ਨਾਮ ਤਾਂ ਨਹੀਂ ਲਿਆ ਪਰ ਇਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਵਿਚ ਰਾਸ਼ਟਰਪਤੀ ਦੇ ਰਵੱਈਏ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਤੁਲਨਾ ਵਿਚ ਉਪ ਰਾਸ਼ਟਰਪਤੀ ਰਹਿ ਚੁੱਕੇ ਜੋਅ ਬਿਡੇਨ ਦੀ ਸਿਫਤ ਕੀਤੀ। ਬਿਡੇਨ ਦਾ ਕਹਿਣਾ ਹੈ ਕਿ ਜੇਕਰ ਉਹ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਚੁਣੇ ਜਾਂਦੇ ਹਨ, ਤਾਂ ਉਹ ਇਕ ਮਹਿਲਾ ਨੂੰ ਉਪ ਰਾਸ਼ਟਰਪਤੀ ਬਣਾਉਣਗੇ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਹੋਣੀਆਂ ਹਨ।
ਬਿਡੇਨ ਨੂੰ ਹਿਲੇਰੀ ਦਾ ਸਮਰਥਨ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਪਾਰਟੀ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਦੇ ਆਗੂ ਉਨ੍ਹਾਂ ਦੇ ਸਮਰਥਨ ਵਿਚ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਾਊਸ ਸਪੀਕਰ ਨੈਨਸੀ ਪੇਲੋਸੀ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਆਦਿ ਬਿਡੇਨ ਦੇ ਸਮਰਥਨ ਵਿਚ ਜਨਤਕ ਤੌਰ ‘ਤੇ ਆ ਚੁੱਕੇ ਹਨ। ਹੁਣ ਹਿਲੇਰੀ ਕਲਿੰਟਨ ਦਾ ਸਾਹਮਣੇ ਆਉਣਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਬਿਡੇਨ ਦਾ ਪੱਲਾ ਟਰੰਪ ਨਾਲੋਂ ਭਾਰੀ ਹੁੰਦਾ ਜਾ ਰਿਹਾ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਕਾਫੀ ਲੋਕ ਟਰੰਪ ਦੀ ਆਲੋਚਨਾ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਮਹਾਮਾਰੀ ਨੇ ਲੱਖਾਂ ਅਮਰੀਕੀਆਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ, ਅਜਿਹੇ ਵਿਚ ਵੱਡੀ ਗਿਣਤੀ ਵਿਚ ਲੋਕ ਟਰੰਪ ‘ਤੇ ਆਪਣਾ ਗੁੱਸਾ ਕੱਢ ਰਹੇ ਹਨ। ਹਾਲਾਂਕਿ ਟਰੰਪ ਲਗਾਤਾਰ ਕੋਰੋਨਾਵਾਇਰਸ ਫੈਲਣ ਦਾ ਕਾਰਨ ਚੀਨ ਨੂੰ ਠਹਿਰਾਉਂਦੇ ਆਏ ਹਨ ਤੇ ਅਮਰੀਕੀਆਂ ਲਈ ਨਵੀਆਂ ਯੋਜਨਾਵਾਂ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਤਾਂ ਕਿ ਆਪਣੇ ਅਹੁਦੇ ਨੂੰ ਬਚਾ ਸਕਣ।


Share