ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕੀ ਹੋਵੇਗੀ ਭਾਰਤ ਦੀ ਭੂਮਿਕਾ!

76
Share

-ਟਰੰਪ ਦਾ ਦਾਅਵਾ: ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੋਰਟ!
-ਟਰੰਪ ਵੱਲੋਂ ਸਿੱਧੇ ਤੌਰ ‘ਤੇ ਇਸ ਐਲਾਨ ਦਾ ਭਾਰਤ ਤੇ ਡੈਮੋਕ੍ਰੈਟ ਪਾਰਟੀ ਦੇ ਰਿਸ਼ਤਿਆਂ ‘ਤੇ ਪੈ ਸਕਦਾ ਹੈ ਅਸਰ
ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)- ਨਵੰਬਰ 2020 ‘ਚ ਅਮਰੀਕੀ ਰਾਸ਼ਟਰਪਤੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਚੋਣ ਮੈਦਾਨ ‘ਚ ਮੁੱਖ ਦੋ ਉਮੀਦਵਾਰ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ, ਦੂਜੇ ਡੈਮੋਕ੍ਰੈਟਿਕ ਪਾਰਟੀ ਦੇ ਜੋਅ ਬਾਇਡਨ ਹਨ। ਹੁਣ ਤੱਕ ਜੋ ਕਿਆਸਰਾਈਆਂ ਲੱਗ ਰਹੀਆਂ ਹਨ, ਉਸ ਵਿਚ ਜੋਅ ਬਾਇਡਨ ਦੇ ਜਿੱਤਣ ਦੀ ਉਮੀਦ 84 ਫੀਸਦੀ ਦੱਸੀ ਜਾ ਰਹੀ ਹੈ, ਜਦਕਿ ਟਰੰਪ ਦੇ ਬਾਰੇ ਸਿਰਫ 14 ਫੀਸਦੀ ਜਿੱਤ ਦੀ ਆਸ ਹੈ। ਸਿਆਸੀ ਮਾਹਿਰਾਂ ਮੁਤਾਬਕ ਡੋਨਾਲਡ ਟਰੰਪ ਦੇ ਜਿੱਤ ਦੀ ਉਮੀਦ ਘਟਣ ਦਾ ਵੱਡਾ ਕਾਰਨ ਹੈ ਦੇਸ਼ ਵਿਚ ਫੈਲ ਰਿਹਾ ਕੋਰੋਨਾਵਾਇਰਸ। ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਮੌਤਾਂ ਦਾ ਅੰਕੜਾ 2 ਲੱਖ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਇਥੇ ਦੱਸਣਾ ਬਣਦਾ ਕਿ ਜਦੋਂ 2016 ਦੀਆਂ ਚੋਣਾਂ ਵਿਚ ਡੋਨਾਲਡ ਟਰੰਪ ਹਿਲੇਰੀ ਕਲਿੰਟਨ ਦੇ ਖਿਲਾਫ਼ ਚੋਣ ਲੜੇ ਸਨ, ਤਾਂ ਉਸ ਵੇਲੇ ਵੀ ਡੋਨਾਲਡ ਟਰੰਪ ਦੀ ਜਿੱਤ ਦੀਆਂ ਭਵਿੱਖਬਾਣੀਆਂ ਉਸਦੇ ਹੱਕ ਵਿਚ ਨਹੀਂ ਸਨ ਪਰ ਟਰੰਪ ਜਿੱਤ ਗਏ ਸਨ।
ਹਾਂ, ਇਸ ਵਾਰ ਇਹ ਗੱਲ ਵੀ ਧਿਆਨ ਵਿਚ ਰੱਖਣੀ ਬਣਦੀ ਹੈ ਕਿ ਹੁਣ ਅਮਰੀਕਾ ਦੇ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ, ਕਿਉਂਕਿ ਉਦੋਂ ਨਾ ਤਾਂ ਕੋਰੋਨਾਵਾਇਰਸ ਸੀ ਤੇ ਨਾ ਹੀ ਦੰਗੇ ਭੜਕੇ ਸਨ। ਸੋ ਇਹ ਫੈਕਟਰ ਵੀ ਟਰੰਪ ਦੀ ਜਿੱਤ ‘ਤੇ ਵੱਡਾ ਪ੍ਰਭਾਵ ਪਾ ਸਕਦੇ ਹਨ। ਅਜਿਹੇ ‘ਚ ਅੰਦਰੂਨੀ ਤੌਰ ‘ਤੇ ਟਰੰਪ ਕਾਫੀ ਪ੍ਰੇਸ਼ਾਨ ਵੀ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੋਰਟ ਹੈ, ਹਾਲਾਂਕਿ ਭਾਰਤ ਨੇ ਹਾਲੇ ਤੱਕ ਅਮਰੀਕੀ ਰਾਸ਼ਟਰਪਤੀ ਚੋਣਾਂ ‘ਤੇ ਆਪਣਾ ਪੱਖ ਨਹੀਂ ਦਿੱਤਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ 2019 ‘ਚ ਜਦੋਂ ਅਮਰੀਕਾ ਦੀ ਟੈਕਸਾਸ ਸਟੇਟ ‘ਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਕ ਪ੍ਰੋਗਰਾਮ ‘ਹਾਊਡੀ ਮੋਦੀ’ ਹੋਇਆ ਸੀ, ਤਾਂ ਉਸ ਵੇਲੇ ਪੀ.ਐੱਮ. ਮੋਦੀ ਨੇ ਬਿਆਨ ਦਿੱਤਾ ਸੀ ਕਿ ‘ਅਬਕੀ ਬਾਰ ਮੋਦੀ ਸਰਕਾਰ’।
ਹਾਲਾਂਕਿ ਬਾਅਦ ‘ਚ ਭਾਰਤ ਸਰਕਾਰ ਨੇ ਇਹ ਸਪਸ਼ੱਟ ਕੀਤਾ ਸੀ ਕਿ ਉਸ ਵੇਲੇ ਉਹ ਡੋਨਾਲਡ ਟਰੰਪ ਨੂੰ 2020 ਦੀਆਂ ਚੋਣਾਂ ਲਈ ਪੇਸ਼ ਨਹੀਂ ਕਰ ਰਹੇ ਸਨ, ਜਦਕਿ ਉਹ ਤਾਂ ਸਿਰਫ ਇਹ ਦੱਸ ਰਹੇ ਸਨ ਕਿ ਕਿਸ ਤਰ੍ਹਾਂ 2016 ਦੀਆਂ ਚੋਣਾਂ ਵਿਚ ਇਹ ਲਾਈਨ ਡੋਨਾਲਡ ਟਰੰਪ ਵਲੋਂ ਵਰਤੀ ਗਈ ਸੀ। ਪਰ ਸਿਆਸੀ ਮਾਹਰ ਮੰਨਦੇ ਹਨ ਕਿ ਮੋਦੀ ਵੱਲੋਂ ਹਜ਼ਾਰਾਂ ਲੋਕਾਂ ਸਾਹਮਣੇ ਅਜਿਹਾ ਕਹਿਣਾ ਇਕ ਤਰ੍ਹਾਂ ਨਾਲ ਅਸਿੱਧੇ ਤੌਰ ‘ਤੇ ਟਰੰਪ ਦੀ ਹੀ ਮਦਦ ਸੀ। ਪਰ ਇਹ ਧਿਆਨ ਵਿਚ ਰੱਖਣਾ ਲਾਜ਼ਮੀ ਬਣਦਾ ਹੈ ਕਿ ਹੁਣ 2019 ਵਾਲੇ ਹਾਲਾਤ ਨਹੀਂ ਰਹੇ ਹਨ।
ਟਰੰਪ ਵੱਲੋਂ ਸਿਧੇ ਤੌਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਪੋਰਟ ਦਾ ਆਪਣੇ ਵਲੋਂ ਐਲਾਨ ਕਰਨ ਦਾ ਭਾਰਤ ਅਤੇ ਡੈਮੋਕ੍ਰੈਟ ਪਾਰਟੀ ਦੇ ਰਿਸ਼ਤਿਆਂ ‘ਤੇ ਅਸਰ ਪੈ ਸਕਦਾ ਹੈ। ਕਿਉਂਕਿ ਭਾਰਤ ਨੇ ਹਾਲੇ ਤੱਕ ਤਾਂ ਟਰੰਪ ਦੀ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਹੈ ਪਰ ਨਾ ਹੀ ਟਰੰਪ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਰੱਦ ਕੀਤਾ ਹੈ। ਉੱਧਰ ਚੀਨ ਵੱਲੋਂ ਵੀ ਜੋਅ ਬਾਇਡਨ ਦੀ ਮਦਦ ਕੀਤੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਵੀ ਅਮਰੀਕੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਹੀ ਕੀਤੀ ਹੈ। ਹੁਣ ਸਵਾਲ ਕਰਨਾ ਬਣਦਾ ਹੈ ਕਿ ਚੀਨ ਨੂੰ ਜੋਅ ਬਾਇਡਨ ਦੀ ਮਦਦ ਨਾਲ ਕੀ ਫਾਇਦਾ ਹੋਵੇਗਾ। ਦਰਅਸਲ ਜੋਅ ਬਾਇਡਨ ਨੇ ਜੋ ਹਾਲ ਹੀ ਵਿਚ ਆਪਣੀ ਪਾਲਿਸੀ ਦੱਸੀ ਹੈ, ਉਹ ਡੋਨਾਲਡ ਟਰੰਪ ਨਾਲੋਂ ਕਾਫੀ ਵੱਖਰੀ ਹੈ। ਜੋਅ ਨੇ ਕਿਹਾ ਕਿ ਅਸੀਂ ਚੀਨ ਦੀ ਆਲੋਚਨਾ ਹਾਂਗਕਾਂਗ ਮੁੱਦੇ ਨੂੰ ਲੈ ਕੇ ਕਰਾਂਗੇ ਪਰ ਨਾਲ ਹੀ ਡੋਨਾਲਡ ਟਰੰਪ ਨੇ ਚੀਨ ਨਾਲ ਜੋ ਵਪਾਰਕ ਲੜਾਈ ਛੇੜ ਰੱਖੀ ਹੈ, ਉਸਨੂੰ ਅਸੀਂ ਤੁਰੰਤ ਖਤਮ ਕਰਾਂਗੇ। ਇਸ ਤੋਂ ਇਲਾਵਾ ਅਮਰੀਕਾ ਕੋਸ਼ਿਸ਼ ਕਰੇਗਾ ਕਿ ਜੋ ਈਰਾਨ ਡੀਲ ਹੈ, ਵਿਚ ਚੀਨ ਦਾ ਪੱਖ ਪੂਰਿਆ ਜਾ ਰਿਹਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਵਿਚ ਭਾਰਤ ਨੂੰ ਇਸ ਮਸਲੇ ‘ਤੇ ਆਪਣਾ ਪੱਖ ਸਪੱਸ਼ਟ ਕਰਨਾ ਬੜਾ ਲਾਜ਼ਮੀ ਹੈ। ਉਨ੍ਹਾਂ ਮੁਤਾਬਕ ਭਾਰਤ ਨੂੰ ਕਿਸੇ ਦੀ ਵੀ ਮਦਦ ਦਾ ਖੁੱਲ੍ਹਾ ਐਲਾਨ ਕਰਨ ਦੀ ਬਜਾਏ, ਦੋਨਾਂ ਧਿਰਾਂ ਨੂੰ ਸ਼ੁੱਭ ਇਛਾਵਾਂ ਦੇਣੀਆਂ ਚਾਹੀਦੀਆਂ ਹਨ। ਤਾਂ ਜੋ ਆਉਣ ਵਾਲੇ ਸਮੇਂ ‘ਚ ਜੋ ਵੀ ਨਤੀਜੇ ਹੋਣ ਪਰ ਭਾਰਤ ਦਾ ਅਮਰੀਕਾ ਨਾਲ ਸੰਬੰਧ ਨਿਰਪੱਖ ਰਹੇ। ਖਾਸਕਰ ਜਦੋਂ ਚੀਨ ਵਰਗਾ ਮੁਲਕ ਡੈਮੋਕ੍ਰੈਟ ਦੀ ਖੁੱਲ੍ਹ ਕੇ ਮਦਦ ਕਰ ਰਿਹਾ ਹੋਵੇ।


Share