ਅਮਰੀਕੀ ਫੌਜ ਦੇ ਹਮਲੇ ਵਿਚ ਆਈ ਐਸ ਮੁਖੀ ਬਗਦਾਦੀ ਬੁਰੀ ਤਰ੍ਹਾਂ ਜ਼ਖਮੀ

ਲੰਡਨ, 10 ਜੂਨ (ਪੰਜਾਬ ਮੇਲ)- ਅੱਤਵਾਦੀ ਜਥੇਬੰਦੀ ਆਈ ਐੱਸ ਆਈ ਐੱਸ ਦਾ ਸਰਗਣਾ ਅੱਬੂ ਬੱਕਰ ਬਗਦਾਦੀ ਸੀਰੀਆ ਦੀ ਸਰਹੱਦ ਨੇੜੇ ਹੋਏ ਹਮਲੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਗਦਾਦੀ ਇਰਾਕ ਵਿਚ ਸੀਰੀਆ ਸਰਹੱਦ ਦੇ ਨਜ਼ਦੀਕ ਸੰਗਠਨ ਦੇ ਮੁੱਖ ਟਿਕਾਣਿਆਂ ਵਿਚੋਂ ਇਕ ਉੱਤੇ ਹੋਏ ਤਾਬੜਤੋੜ ਹਮਲਿਆਂ ਵਿਚ ਗੰਭੀਰ ਰੂਪ ਵਿਚ ਫੱਟੜ ਹੋ ਗਿਆ ਹੈ।
ਸੂਤਰਾਂ ਮੁਤਾਬਕ ਹਵਾਈ ਹਮਲੇ ਵਿੱਚ ਗੰਭੀਰ ਜ਼ਖਮੀ ਬਗਦਾਰੀ ਦੀ ਜਾਨ ਵੀ ਜਾ ਸਕਦੀ ਹੈ। ਇੱਥੇ ਵਰਣਨਯੋਗ ਹੈ ਕਿ ਬਗਦਾਦੀ ਪਹਿਲਾਂ ਵੀ ਅਮਰੀਕੀ ਫੌਜ ਦੇ ਹਮਲੇ ਵਿਚ ਜ਼ਖਮੀ ਹੋ ਗਿਆ ਸੀ,ਜਿਸ ਕਾਰਨ ਉਹ ਆਪਣੀ ਜਥੇਬੰਦੀ ਦੀਆਂ ਸਰਗਰਮੀਆਂ ‘ਤੇ ਕਾਬੂ ਨਹੀਂ ਪਾ ਸਕਿਆ ਸੀ। ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਬਗਦਾਦੀ ਦੇ ਜ਼ਖਮੀ ਹੋਣ ਤੋਂ ਬਾਅਦ ਆਈ ਐੱਸ ਦੇ ਮੈਂਬਰਾਂ ਨੇ ਹੰਗਾਮੀ ਮੀਟਿੰਗ ਕੀਤੀ ਹੈ। ਆਈ ਐੱਸ ਆਈ ਐੱਸ ਦੇ ਮੈਂਬਰਾਂ ਨੂੰ ਪਹਿਲਾਂ ਲੱਗਿਆ ਸੀ ਕਿ ਬਗਦਾਦੀ ਦਮ ਤੋੜ ਗਿਆ ਹੈ ਅਤੇ ਉਹ ਮੁਖੀ ਚੁਣਨ ਲਈ ਇਕੱਠੇ ਹੋਏ ਸਨ। ਇੱਕ ਪੱਛਮੀ ਕੂਟਨੀਤਕ ਅਤੇ ਇਰਾਕ ਸਲਾਹਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿਛਲੀ 9 ਜੂਨ ਨੂੰ ਅਮਰੀਕਾ ਦੀ ਅਗਵਾਈ ਹੇਠ ਗੱਠਜੋੜ ਫੌਜਾਂ ਨੇ ਸੀਰੀਆ ਸਰਹੱਦ ਨੇੜੇ ਹਵਾਈ ਹਮਲੇ ਕੀਤੇ ਸਨ। ਇਸ ਤੋਂ ਪਹਿਲਾਂ ਵੀ ਦੋ ਵਾਰੀ ਰਿਪੋਰਟਾਂ ਆਈਆਂ ਸਨ ਕਿ ਬਗਦਾਦੀ ਮਾਰਿਆ ਗਿਆ ਹੈ, ਪਰ ਉਹ ਗਲਤ ਨਿਕਲੀਆਂ ਸਨ।
There are no comments at the moment, do you want to add one?
Write a comment