ਅਮਰੀਕੀ ਪੰਜਾਬੀ ਸਥਾਨਕ ਚੋਣ ਪ੍ਰਕਿਰਿਆ ਪ੍ਰਤੀ ਹੋਣ ਗੰਭੀਰ

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ 8 ਨਵੰਬਰ ਨੂੰ ਹੋਣ ਜਾ ਰਹੀ ਹੈ। ਪੂਰੇ ਅਮਰੀਕਾ ਵਿਚ ਇਸ ਚੋਣ ਲਈ ਬੜੀ ਵੱਡੀ ਰਾਜਸੀ ਮੁਹਿੰਮ ਚੱਲ ਰਹੀ ਹੈ। ਇਨ੍ਹਾਂ ਚੋਣਾਂ ਨੇ ਨਾ ਸਿਰਫ ਅਮਰੀਕਾ ਨੂੰ ਹੀ ਪ੍ਰਭਾਵਿਤ ਕਰਨਾ ਹੈ, ਸਗੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਦਾ ਪ੍ਰਭਾਵ ਪੂਰੀ ਦੁਨੀਆਂ ਉਪਰ ਪੈਂਦਾ ਹੈ। ਰਾਸ਼ਟਰਪਤੀ ਦੀ ਚੋਣ ਦੇ ਨਾਲ-ਨਾਲ ਅਮਰੀਕਾ ਵਿਚ ਵੋਟਰਾਂ ਨੇ ਉਸੇ ਦਿਨ ਹੋਰ ਵੀ ਬਹੁਤ ਸਾਰੇ ਅਹੁਦਿਆਂ ਲਈ ਆਪਣੇ ਵੋਟ ਦਾ ਮਤਦਾਨ ਕਰਨਾ ਹੈ। ਕੈਲੀਫੋਰਨੀਆ ਦੇ ਵੋਟਰਾਂ ਨੇ ਉਸ ਦਿਨ ਇਕ ਯੂ.ਐੱਸ. ਸੈਨੇਟਰ, 20 ਸਟੇਟ ਸੈਨੇਟਰ, 80 ਸਟੇਟ ਅਸੈਂਬਲੀ ਮੈਂਬਰ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਮੇਅਰ ਅਤੇ ਕੌਂਸਲਰ ਚੁਣੇ ਜਾਣ ਲਈ ਆਪਣੇ ਵੋਟ ਦੀ ਵਰਤੋਂ ਕਰਨੀ ਹੈ। ਅਮਰੀਕਾ ਵਿਚ ਇਹ ਚੋਣ ਇਕ ਬੜੀ ਵੱਡੀ ਰਾਜਸੀ ਕਵਾਇਦ ਬਣ ਗਈ ਹੈ। ਇਨ੍ਹਾਂ ਵੋਟਾਂ ਨੇ ਅਗਲੇ ਸਮੇਂ ਲਈ ਅਮਰੀਕਾ ਦੇ ਭਵਿੱਖ ਦਾ ਫੈਸਲਾ ਕਰਨਾ ਹੈ। ਇਹੀ ਕਾਰਨ ਹੈ ਕਿ ਅਮਰੀਕਾ ਵਿਚ ਸਾਰੇ ਸ਼ਹਿਰੀਆਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਇਕ ਵਿਆਪਕ ਲਾਮਬੰਦੀ ਕੀਤੀ ਜਾਂਦੀ ਹੈ। ਅਮਰੀਕਾ ਦਾ ਚੋਣ ਵਿਭਾਗ ਸਾਰੇ ਬਾਹਰਲੇ ਮੁਲਕਾਂ ਤੋਂ ਆਏ ਤੇ ਅਮਰੀਕੀ ਨਾਗਰਿਕ ਬਣ ਗਏ ਸ਼ਹਿਰੀਆਂ ਨੂੰ ਅਤੇ ਇਥੋਂ ਦੇ ਜੰਮਪਲ 18 ਸਾਲ ਦੀ ਉਮਰ ਦੇ ਹੋ ਗਏ ਨੌਜਵਾਨਾਂ ਨੂੰ ਵੋਟਰ ਬਣਨ ਲਈ ਵੱਡੇ ਪੱਧਰ ‘ਤੇ ਪ੍ਰੇਰਿਤ ਕਰਦਾ ਹੈ। ਇਸ ਕੰਮ ਲਈ ਜਿੱਥੇ ਆਨਲਾਈਨ ਮੁਹਿੰਮ ਚਲਾਈ ਜਾਂਦੀ ਹੈ, ਉੱਥੇ ਵਿਭਾਗਾਂ ਦੇ ਕਰਮਚਾਰੀ ਅਤੇ ਹੋਰ ਵਲੰਟੀਅਰ ਵੀ ਪਬਲਿਕ ਥਾਂਵਾਂ ‘ਤੇ ਜਾ ਕੇ ਸ਼ਹਿਰੀਆਂ ਅਤੇ ਨੌਜਵਾਨਾਂ ਨੂੰ ਵੋਟਰ ਬਣਨ ਲਈ ਪ੍ਰੇਰਿਤ ਕਰਦੇ ਹਨ। ਅਮਰੀਕਾ ਵਿਚ ਵੋਟਰ ਬਣਨ ਦੀ ਪ੍ਰਣਾਲੀ ਬੇਹੱਦ ਸਰਲ ਅਤੇ ਸੌਖੀ ਹੈ। ਚੋਣ ਵਿਭਾਗ ਵੱਲੋਂ ਜਾਰੀ ਫਾਰਮ ਭਰ ਕੇ ਦੇਣ ਨਾਲ ਕੋਈ ਵੀ ਯੋਗ ਸ਼ਹਿਰੀ ਅਮਰੀਕਾ ਦਾ ਵੋਟਰ ਬਣ ਸਕਦਾ ਹੈ। ਪਰ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕੀ ਪੰਜਾਬੀ ਇੱਥੇ ਵੋਟਰ ਵਜੋਂ ਆਪਣਾ ਨਾਂ ਦਰਜ ਕਰਵਾਉਣ ਲਈ ਬਹੁਤਾ ਧਿਆਨ ਨਹੀਂ ਦਿੰਦੇ। ਜਾਂ ਕਈ ਵਾਰੀ ਅਜਿਹਾ ਵੀ ਦੇਖਿਆ ਗਿਆ ਹੈ ਕਿ ਜਿਹੜੇ ਅਮਰੀਕੀ ਪੰਜਾਬੀ ਵੋਟਰ ਵਜੋਂ ਤਾਂ ਦਰਜ ਹੋ ਗਏ ਹਨ, ਪਰ ਵੋਟ ਪਾਉਣ ਵਿਚ ਉਹ ਬਹੁਤੀ ਦਿਲਚਸਪੀ ਨਹੀਂ ਰੱਖਦੇ। ਵੋਟਰ ਬਣਨਾ ਅਤੇ ਵੋਟ ਪਾਉਣਾ ਭਾਵੇਂ ਹਰ ਇਕ ਦਾ ਆਪਣਾ ਨਿੱਜੀ ਮਾਮਲਾ ਹੈ, ਪਰ ਇਸ ਗੱਲ ਦਾ ਪ੍ਰਭਾਵ ਸਾਡੇ ਸਮੁੱਚੇ ਭਾਈਚਾਰੇ ਉਪਰ ਪੈਂਦਾ ਹੈ। ਅਮਰੀਕਾ ਵਿਚ ਇਸ ਸਮੇਂ ਇਕ ਮਿਲੀਅਨ, ਭਾਵ ਦਸ ਲੱਖ ਦੇ ਕਰੀਬ ਪੰਜਾਬੀ ਰਹਿ ਰਹੇ ਹਨ। ਇਨ੍ਹਾਂ ਵਿਚ 5 ਲੱਖ ਦੇ ਕਰੀਬ ਪੰਜਾਬੀ ਤਾਂ ਇਥੋਂ ਦੇ ਪੱਕੇ ਸ਼ਹਿਰੀ ਬਣ ਚੁੱਕੇ ਹਨ, ਜਦਕਿ ਢਾਈ ਲੱਖ ਦੇ ਕਰੀਬ ਗਰੀਨ ਕਾਰਡ ਧਾਰਕ ਹਨ ਅਤੇ ਢਾਈ ਲੱਖ ਦੇ ਕਰੀਬ ਹੋਰ ਅਜਿਹੇ ਪੰਜਾਬੀ ਹਨ, ਜਿਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਅਜੇ ਚੱਲ ਰਹੀ ਹੈ, ਜਾਂ ਉਹ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਸਪੱਸ਼ਟ ਹੈ ਕਿ ਅਮਰੀਕਾ ਵਿਚ 5 ਲੱਖ ਦੇ ਕਰੀਬ ਅਜਿਹੇ ਅਮਰੀਕੀ ਸਿੱਖ ਹਨ, ਜਿਹੜੇ ਵੋਟਰ ਬਣਨ ਦੇ ਯੋਗ ਹਨ, ਪਰ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਵਿਚੋਂ ਬਹੁਤੇ ਵੋਟਰ ਵਜੋਂ ਅਜੇ ਦਰਜ ਹੀ ਨਹੀਂ ਹਨ ਅਤੇ ਜਿਹੜੇ ਵੋਟਰ ਬਣੇ ਵੀ ਹਨ, ਉਹ ਸਮੂਹਿਕ ਤੌਰ ‘ਤੇ ਵੋਟ ਪਾਉਣ ‘ਚ ਬਹੁਤ ਘੱਟ ਦਿਲਚਸਪੀ ਲੈਂਦੇ ਹਨ। ਅਮਰੀਕੀ ਪੰਜਾਬੀਆਂ ਦੇ ਅਜਿਹੇ ਵਿਵਹਾਰ ਕਾਰਨ ਨਿੱਜੀ ਤੌਰ ‘ਤੇ ਕਿਸੇ ਨੂੰ ਕੋਈ ਫਰਕ ਪੈਂਦਾ ਹੈ ਕਿ ਨਹੀਂ, ਇਹ ਗੱਲ ਵੱਖਰੀ ਹੈ। ਪਰ ਸਮੁੱਚੇ ਤੌਰ ‘ਤੇ ਸਾਡੇ ਭਾਈਚਾਰੇ ਲਈ ਇਹ ਰੁਝਾਨ ਕਿਸੇ ਵੀ ਪੱਖੋਂ ਚੰਗਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਚੋਣਾਂ ਦੌਰਾਨ ਅਸੀਂ ਆਪਣੀ ਹੋਂਦ ਬਾਰੇ ਕਿਸੇ ਨੂੰ ਜਤਾ ਨਹੀਂ ਸਕਦੇ, ਭਾਵ ਅਸੀਂ ਭਾਈਚਾਰੇ ਵਜੋਂ ਸਿਆਸੀ ਖੇਤਰ ਵਿਚ ਆਪਣਾ ਅਸਰ ਨਹੀਂ ਦਿਖਾ ਸਕਦੇ, ਤਾਂ ਇਥੋਂ ਦੀਆਂ ਰਾਜਸੀ ਪਾਰਟੀਆਂ ਸਾਨੂੰ ਕਿਸੇ ਵੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲੈਂਦੀਆਂ। ਸਾਡੇ ਗੁਆਂਢੀ ਮੁਲਕ ਕੈਨੇਡਾ ਵਿਚ ਅਸੀਂ ਦੇਖਦੇ ਹਾਂ ਕਿ ਉਥੇ ਕੈਨੇਡੀਅਨ ਪੰਜਾਬੀਆਂ ਨੇ ਸਿਆਸੀ ਖੇਤਰ ਵਿਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਇਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ 6 ਕੈਨੇਡੀਅਨ ਪੰਜਾਬੀ ਉੱਚੇ ਅਹੁਦਿਆਂ ‘ਤੇ ਵਿਰਾਜਮਾਨ ਹਨ। ਬਹੁਤ ਸਾਰੇ ਸੂਬਿਆਂ ‘ਚ ਵਿਧਾਇਕ ਅਤੇ ਮੰਤਰੀ ਕੈਨੇਡੀਅਨ ਪੰਜਾਬੀ ਬਣੇ ਹੋਏ ਹਨ। ਕਈ ਸ਼ਹਿਰਾਂ ਦੇ ਮੇਅਰ ਅਤੇ ਹੋਰ ਅਹਿਮ ਅਹੁਦੇ ਕੈਨੇਡੀਅਨ ਪੰਜਾਬੀਆਂ ਕੋਲ ਹਨ। ਅਜਿਹਾ ਇਸ ਕਰਕੇ ਹੋਇਆ ਹੈ ਕਿ ਉਥੇ ਵੱਸਦੇ ਪੰਜਾਬੀਆਂ ਨੇ ਕੈਨੇਡਾ ਦੀ ਸਿਆਸਤ ਵਿਚ ਭਰਪੂਰ ਸਰਗਰਮੀ ਦਿਖਾਈ ਹੈ। ਉਹ ਖੁਦ ਉਥੋਂ ਦੇ ਸਿਆਸੀ ਮੁਹਾਜ ਦਾ ਹਿੱਸਾ ਬਣੇ ਹਨ। ਕੈਨੇਡੀਅਨ ਰਾਜਸੀ ਪਾਰਟੀਆਂ ਵਿਚ ਆਪਣੀ ਹੋਂਦ ਸਥਾਪਤ ਕੀਤੀ ਹੈ ਅਤੇ ਸਮੁੱਚੇ ਕੈਨੇਡੀਅਨ ਲੋਕਾਂ ਵਿਚ ਆਪਣੀ ਸ਼ਾਖ ਦਾ ਪ੍ਰਭਾਵ ਬਣਾਇਆ ਹੈ। ਇਸੇ ਤਰ੍ਹਾਂ ਅਮਰੀਕਾ ਵਿਚ ਵੀ ਅਸੀਂ ਜੇਕਰ ਉਸੇ ਲਗਨ ਅਤੇ ਹਿੰਮਤ ਨਾਲ ਰਾਜਸੀ ਖੇਤਰ ਵਿਚ ਆਪਣਾ ਸਥਾਨ ਕਾਇਮ ਕਰੀਏ, ਤਾਂ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਅਮਰੀਕਾ ਵਿਚ ਸਾਨੂੰ ਹਾਲੇ ਵੀ ਸਿੱਖ ਪਛਾਣ ਦੇ ਮਸਲੇ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਸਤੇ ਭਾਵੇਂ ਅਮਰੀਕੀ ਸਿੱਖੀ ਸਮਾਜ ਕਾਫੀ ਮਿਹਨਤ ਕਰ ਰਿਹਾ ਹੈ ਅਤੇ ਅਮਰੀਕੀ ਪ੍ਰਸ਼ਾਸਨ ਵੀ ਮਦਦ ਕਰ ਰਿਹਾ ਹੈ। ਪਰ ਸਿਆਸੀ ਖੇਤਰ ਵਿਚ ਸਾਡੀ ਸਰਗਰਮੀ ਬਹੁਤ ਘੱਟ ਹੋਣ ਕਾਰਨ ਅਜੇ ਵੱਡੀ ਸਫਲਤਾ ਹਾਸਲ ਨਹੀਂ ਹੋ ਸਕਦੀ। ਪਿੱਛੇ ਜਿਹੇ ਫਿਲਾਡੇਲਫੀਆ ‘ਚ ਹੋਏ ਡੈਮੋਕ੍ਰੇਟਿਕ ਪਾਰਟੀ ਦੇ ਡੈਲੀਗੇਟ ਇਜਲਾਸ ਵਿਚ ਸਮੁੱਚੇ ਅਮਰੀਕਾ ਤੋਂ ਸਿਰਫ 4 ਸਿੱਖ ਡੈਲੀਗੇਟ ਹੀ ਆਏ ਹੋਏ ਸਨ। ਇਸ ਸਮਾਗਮ ਵਿਚ ਸਿੱਖਾਂ ਦੀ ਸ਼ਮੂਲੀਅਤ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋਈ। ਮੀਡੀਆ ਨੇ ਵੱਡੀ ਪੱਧਰ ‘ਤੇ ਸਿੱਖਾਂ ਦੀ ਸ਼ਮੂਲੀਅਤ ਨੂੰ ਉਭਾਰਿਆ। ਸਿਆਸੀ ਖੇਤਰ ਵਿਚ ਇਸ ਨੂੰ ਇਕ ਵੱਡੀ ਪਹਿਲ ਕਿਹਾ ਜਾ ਸਕਦਾ ਹੈ। ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ ਲਈ ਸਿਆਸੀ ਸਰਗਰਮੀ ਬੇਹੱਦ ਕਾਰਗਰ ਸਾਬਤ ਹੋ ਸਕਦੀ ਹੈ। ਕਿਉਂਕਿ ਜਦ ਅਸੀਂ ਸਿਆਸੀ ਸਰਗਰਮੀ ਵਿਚ ਸ਼ਾਮਲ ਹੋਵਾਂਗੇ, ਤਾਂ ਇਥੋਂ ਦੀਆਂ ਸਿਆਸੀ ਪਾਰਟੀਆਂ ਦੇ ਲੋਕ ਸੁਭਾਵਿਕ ਹੀ ਸਾਡੀ ਹੋਂਦ ਅਤੇ ਪਹਿਚਾਣ ਬਾਰੇ ਜਾਣੂ ਹੀ ਨਹੀਂ ਹੋਣਗੇ, ਸਗੋਂ ਸਾਡੇ ਪ੍ਰਤੀ ਹਮਦਰਦੀ ਅਤੇ ਸਤਿਕਾਰ ਵੀ ਪਾਤਰ ਵੀ ਬਣਗੇ। ਇਸ ਦੇ ਨਾਲ-ਨਾਲ ਸਮਾਜ ਵਿਚ ਅਨੇਕ ਥਾਂ ‘ਤੇ ਵਿਚਰਦਿਆਂ ਸਾਨੂੰ ਆਉਣ ਵਾਲੀਆਂ ਦਿੱਕਤਾਂ ਦਾ ਹੱਲ ਕਰਨ ਲਈ ਵੀ ਰਾਜਸੀ ਖੇਤਰ ਵਿਚ ਸਰਗਰਮੀ ਦਿਖਾਉਣੀ ਜ਼ਰੂਰੀ ਹੈ। ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਨੀਤੀਆਂ ਅਤੇ ਕਾਨੂੰਨ ਬਣਾਉਣ ਸਮੇਂ ਰਾਜਸੀ ਧਿਰਾਂ ਦੇ ਜੇਤੂ ਲੋਕ ਹੀ ਅੱਗੇ ਹੁੰਦੇ ਹਨ। ਜੇਕਰ ਇਨ੍ਹਾਂ ਥਾਂਵਾਂ ‘ਤੇ ਸਾਡੇ ਲੋਕਾਂ ਦੀ ਹਾਜ਼ਰੀ ਅਤੇ ਸ਼ਮੂਲੀਅਤ ਹੋਵੇ, ਤਾਂ ਉਥੇ ਵੀ ਅਸੀਂ ਆਪਣੀ ਵੱਖਰੀ ਪਹਿਚਾਣ ਬਾਰੇ ਸਹੀ ਸੋਚ ਅਤੇ ਜਾਣਕਾਰੀ ਦੇਣ ‘ਚ ਕਾਮਯਾਬ ਹੋ ਸਕਾਂਗੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਬਾਰੇ ਅਣਜਾਣਤਾ ਕਾਰਨ ਹੀ ਕਈ ਤਰ੍ਹਾਂ ਦੇ ਫੈਸਲੇ ਜਾਂ ਨੀਤੀਆਂ ਬਣ ਜਾਂਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਫਿਰ ਮੁੜ ਲੰਬਾ ਸਮਾਂ ਤਰੱਦਦ ਕਰਨਾ ਪੈਂਦਾ ਹੈ। ਜਾਂ ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਸਾਡੇ ਲੋਕ ਅਜਿਹੇ ਫੈਸਲੇ ਜਾਂ ਨੀਤੀਆਂ ਕਾਰਨ ਲੰਬਾ ਸਮਾਂ ਮੁਸ਼ਕਿਲਾਂ ਵਿਚ ਪਏ ਰਹਿੰਦੇ ਹਨ।
ਇਸ ਵੇਲੇ ਸਾਡੇ ਲੋਕ ਅਮਰੀਕਾ ਵਿਚ ਆਪਣੇ ਕੰਮਕਾਰ ਸਥਾਪਿਤ ਕਰ ਚੁੱਕੇ ਹਨ ਅਤੇ ਸਾਡੇ ਲੋਕਾਂ ਦਾ ਮੁੱਖ ਧੁਰਾ ਵੀ ਇਸੇ ਮੁਲਕ ਵਿਚ ਬਣ ਚੁੱਕਾ ਹੈ। ਇਸ ਕਰਕੇ ਹੁਣ ਭਵਿੱਖ ਦੀ ਸਾਰੀ ਵਿਉਂਤਬੰਦੀ ਸਾਨੂੰ ਇਸੇ ਮੁਲਕ ਵਿਚ ਰਹਿੰਦਿਆਂ ਹੀ ਕਰਨੀ ਪੈਣੀ ਹੈ। ਇਹ ਸਾਡੀ ਕੋਈ ਮਜਬੂਰੀ ਨਹੀਂ, ਸਗੋਂ ਅਸੀਂ ਆਪਣੀ ਮਰਜ਼ੀ ਨਾਲ ਇਸ ਮੁਲਕ ਨੂੰ ਚੁਣਿਆ ਹੈ ਅਤੇ ਇਸ ਮੁਲਕ ਨੇ ਸਾਨੂੰ ਜ਼ਿੰਦਗੀ ਦਾ ਬੜਾ ਕੁੱਝ ਦਿੱਤਾ ਹੈ। ਇਸ ਲਈ ਇਸ ਮੁਲਕ ਦੀ ਹੋਣੀ ਨਾਲ ਜੋੜਨਾ ਅਣਸਰਦੀ ਲੋੜ ਬਣ ਗਈ ਹੈ। ਇਸ ਕੰਮ ਵਾਸਤੇ ਰਾਜਸੀ ਪਾਰਟੀਆਂ ਨਾਲ ਜੁੜਨਾ, ਰਾਜਸੀ ਸਰਗਰਮੀਆਂ ਵਿਚ ਹਿੱਸਾ ਲੈਣਾ, ਵੋਟਾਂ ਸਮੇਂ ਵੋਟ ਬਣਾਉਣਾ ਅਤੇ ਵੋਟ ਦਾ ਇਸਤੇਮਾਲ ਕਰਨਾ ਅਤੇ ਰਾਜਸੀ ਪਲੇਟਫਾਰਮਾਂ ਵਿਚ ਅਮਰੀਕੀ ਸਿੱਖਾਂ ਦੀ ਹਾਜ਼ਰੀ ਵਧਾਉਣੀ ਸਾਡੇ ਲਈ ਬੜੀ ਜ਼ਰੂਰੀ ਹੈ। ਸਮੁੱਚੇ ਭਾਈਚਾਰੇ ਵਜੋਂ ਜੇਕਰ ਅਜਿਹਾ ਯਤਨ ਕਰ ਸਕੀਏ, ਤਾਂ ਇਹ ਸਾਡੇ ਭਾਈਚਾਰੇ ਲਈ ਬੇਹੱਦ ਲਾਹੇਵੰਦ ਰਹੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕੀ ਸਿੱਖ ਇਕ ਬੜੀ ਛੋਟੀ ਜਿਹੀ ਘੱਟ ਗਿਣਤੀ ਹੈ ਅਤੇ ਸਾਡੇ ਕੋਲ ਵੋਟ ਦੀ ਕੋਈ ਬਹੁਤੀ ਵੱਡੀ ਸ਼ਕਤੀ ਨਹੀਂ, ਪਰ ਫਿਰ ਵੀ ਸਾਡੇ ਲੋਕਾਂ ਦਾ ਹਿੰਮਤੀ ਸੁਭਾਅ ਅਤੇ ਹਰ ਥਾਂ ਜਾ ਕੇ ਆਪਣੀ ਹੋਂਦ ਬਣਾ ਲੈਣ ਦੀ ਲਗਨ ਸਾਨੂੰ ਇਸ ਗੱਲ ਲਈ ਪ੍ਰੇਰਦੀ ਹੈ ਕਿ ਅਸੀਂ ਛੋਟੀ ਗਿਣਤੀ ਹੁੰਦਿਆਂ ਹੋਇਆਂ ਵੀ ਵੱਡੀਆਂ ਮੱਲ੍ਹਾਂ ਮਾਰ ਸਕਦੇ ਹਾਂ। ਯੁਗਾਂਡਾ ਵਿਚ ਇਕ ਅਜਿਹਾ ਖੇਤਰ ਹੈ, ਜਿੱਥੇ ਇਕੋ ਇਕ ਸਿੱਖ ਪਰਿਵਾਰ ਰਹਿੰਦਾ ਹੈ ਅਤੇ ਉਸੇ ਪਰਿਵਾਰ ਦਾ ਮੁਖੀ ਉਥੇ ਤਿੰਨ ਵਾਰ ਪਾਰਲੀਮੈਂਟ ਮੈਂਬਰ ਬਣ ਚੁੱਕਾ ਹੈ। ਇਹ ਉਸ ਦੀ ਹਿੰਮਤ ਅਤੇ ਲੋਕਾਂ ਨਾਲ ਲਗਾਅ ਦਾ ਹੀ ਪ੍ਰਗਟਾਵਾ ਹੈ। ਕੈਲੀਫੋਰਨੀਆ ਵਿਚ ਅਮਰੀਕੀ ਸਿੱਖਾਂ ਦੀ ਹੋਂਦ ਕਾਫੀ ਪ੍ਰਭਾਵਿਤ ਕਰਨ ਵਾਲੀ ਹੈ। ਇਸ ਖੇਤਰ ਵਿਚ ਸਾਡੇ ਵੱਲੋਂ ਰਾਜਸੀ ਖੇਤਰ ਵਿਚ ਸਰਗਰਮੀ ਅਤੇ ਸ਼ਮੂਲੀਅਤ ਚੰਗੇ ਨਤੀਜੇ ਦੇ ਸਕਦੀ ਹੈ। ਸੋ ਸਾਡੇ ਭਾਈਚਾਰੇ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਅਸੀਂ ਸੁਚੇਤ ਹੋਈਏ, ਆਪਣੀਆਂ ਵੋਟਾਂ ਬਣਾਈਏ ਅਤੇ ਫਿਰ ਇਸ ਵੋਟ ਦਾ ਸਹੀ ਇਸਤੇਮਾਲ ਕਰੀਏ।
There are no comments at the moment, do you want to add one?
Write a comment