ਸੈਕਰਾਮੈਂਟੋ, 1 ਜੁਲਾਈ (ਪੰਜਾਬ ਮੇਲ)-ਅਮਰੀਕੀ ਪ੍ਰਤੀਨਿਧ ਸਦਨ ਨੇ ਬੀਤੇ ਦਿਨੀਂ ਪੁਲਿਸ ‘ਚ ਵਿਆਪਕ ਸੁਧਾਰਾਂ ਸਬੰਧੀ ਬਿੱਲ ਪਾਸ ਕਰ ਦਿੱਤਾ। ਪੁਲਿਸ ਹਿਰਾਸਤ ‘ਚ ਮਾਰੇ ਗਏ ਅਫ਼ਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਨੂੰ ਸਨਮਾਨ ਦੇਣ ਲਈ ਇਸ ਬਿੱਲ ਦਾ ਨਾਂ ‘ਜਾਰਜ ਫਲਾਇਡ ਜਸਟਿਸ ਇਨ ਪੁਲਿਸਿੰਗ ਐਕਟ 2020’ ਰੱਖਿਆ ਗਿਆ ਹੈ। ਬਿੱਲ ਦੇ ਹੱਕ ਵਿਚ 236 ਤੇ ਵਿਰੋਧ ਵਿਚ 181 ਵੋਟਾਂ ਪਈਆਂ। ਤਿੰਨ ਰਿਪਬਲੀਕਨ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਸਾਥ ਦਿੱਤਾ। ਇਨ੍ਹਾਂ ਵਿਚ ਵਿਲ ਹਰਡ ਟੈਕਸਾਸ, ਬਰੀਅਨ ਫਿਟਜ਼ਪੈਟਰਿਕ ਪੈਨਸਿਲਵੇਨੀਆ ਤੇ ਫਰੈਡ ਅਪਟੋਨ ਮਿਸ਼ੀਗਨ ਸ਼ਾਮਲ ਹਨ। ਇਸ ਤੋਂ ਪਹਿਲਾਂ ਸੈਨੇਟ ‘ਚ ਡੈਮੋਕਰੇਟਸ ਮੈਂਬਰਾਂ ਨੇ ਰਿਪਬਲੀਕਨ ਵੱਲੋਂ ਪੁਲਿਸ ਸੁਧਾਰਾਂ ਸਬੰਧੀ ਲਿਆਂਦੇ ਬਿੱਲ ‘ਚ ਅੜਿੱਕਾ ਪਾ ਦਿੱਤਾ ਸੀ ਅਤੇ ਪੁਲਿਸ ਸੁਧਾਰਾਂ ਬਾਰੇ ਆਪਣਾ ਬਿੱਲ ਪੇਸ਼ ਕੀਤਾ ਸੀ। ਹਾਊਸ ਸਪੀਕਰ ਨੈਨਸੀ ਪੋਲਿਸੀ ਨੇ ਆਪਣੇ ਸਾਥੀ ਡੈਮੋਕਰੇਟਸ ਦਾ ਸਾਥ ਦਿੰਦਿਆਂ ਕਿਹਾ ਸੀ ਕਿ ਬਿੱਲ ‘ਤੇ ਪਾਈ ਵੋਟ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਜਾਰਜ ਫਲਾਇਡ ਤੇ ਅਫ਼ਰੀਕੀ ਮੂਲ ਦੇ ਹੋਰ ਅਮਰੀਕਨਾਂ ਦੀਆਂ ਮੌਤਾਂ ਅਜਾਈਂ ਨਹੀਂ ਗਈਆਂ। ਪਾਸ ਕੀਤੇ ਬਿੱਲ ਵਿਚ ਲੋਕਾਂ ਨਾਲ ਬਦਸਲੂਕੀ ਕਰਨ ਤੇ ਸਾਹ ਬੰਦ ਕਰਨ ਵਾਲੇ ਪੁਲਿਸ ਅਧਿਕਾਰੀਆਾ ਨੂੰ ਕਾਨੂੰਨ ‘ਚ ਦਿੱਤੀ ਗਈ ਸੁਰੱਖਿਆ ਖਤਮ ਕਰ ਦਿੱਤੀ ਗਈ ਹੈ। ਬਿੱਲ ‘ਚ ਪੁਲਿਸ ਨੂੰ ਜਵਾਬਦੇਹ ਬਣਾਇਆ ਗਿਆ ਹੈ। ‘ਨੋ ਨਾਕਆਊਟ ਵਾਰੰਟਸ’ ਦੀ ਵਰਤੋਂ ਵਰਗੀ ਅਲਾਮਤ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਬਿੱਲ ਸੈਨੇਟ ਵਿਚ ਜਾਵੇਗਾ।