ਅਮਰੀਕੀ ਨਿਊਜ਼ ਚੈਨਲ CNN ਨਾਲ ਟਰੰਪ ਨੇ ਫਿਰ ਲਿਆ ਪੰਗਾ

ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਵਿਵਾਦਮਈ ਟਵੀਟ ਕੀਤਾ ਹੈ। ਟਰੰਪ ਇਸ ਵੀਡੀਓ ਟਵੀਟ ਰਾਹੀਂ ਅਮਰੀਕੀ ਨਿਊਜ਼ ਚੈਨਲ CNN ਦੇ ਲੋਗੋ ਵਾਲੇ ਇਨਸਾਨ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਟਰੰਪ ਦੇ ਟਵੀਟ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ। 28 ਸੈਕਿੰਡ ਦੇ ਇਸ ਵੀਡੀਓ ਵਿੱਚ ਟਰੰਪ ਨੇ ਸੂਟ ਪਾਇਆ ਹੋਇਆ ਹੈ। ਉਹ ਰਿੰਗ ਕੋਲ ਦੂਜੇ ਵਿਅਕਤੀ ਨੂੰ ਜ਼ਮੀਨ ਉੱਤੇ ਸੁੱਟ ਕੇ ਕੁੱਟਮਾਰ ਕਰ ਰਿਹਾ ਹੈ।
ਵੀਡੀਓ ਦੇ ਅੰਤ ਵਿੱਚ ਸੀਐਨਐਨ ਲੋਗੋ ਖੱਬੇ ਪਾਸੇ ਨਜ਼ਰ ਆ ਰਿਹਾ ਹੈ। ਇਸ ਵਿੱਚ “ਐਪਐਨਐਨ: ਫਰਾਡ ਨਿਊਜ਼ ਨੈੱਟਵਰਕ” ਲਿਖਿਆ ਹੋਇਆ ਹੈ। ਸਾਫ਼ ਹੈ ਕਿ ਇਹ ਵੀਡੀਓ ਸੀਐਨਐਨ ਦਾ ਮਜ਼ਾਕ ਬਣਾਉਣ ਲਈ ਜਾਰੀ ਕੀਤਾ ਗਿਆ ਹੈ। ਇਹ ਵੀਡੀਓ ਟਰੰਪ ਨੇ ਆਪਣੇ ਪਰਸਨਲ ਟਵਿੱਟਰ ਹੈਂਡਲ ਉੱਤੇ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ਨੂੰ ਇੱਕ ਪੁਰਾਣੇ ਵੀਡੀਓ ਨਾਲ ਛੇੜਛਾੜ ਕਰਕੇ ਤਿਆਰ ਕੀਤਾ ਗਿਆ ਹੈ। 2007 ਵਿੱਚ ਡੋਨਲਡ ਟਰੰਪ WWE ਰੇਸਲਿੰਗ ਦੀ ਇੱਕ ਫਾਈਟ ਵਿੱਚ ਸ਼ਾਮਲ ਹੋਇਆ ਸੀ। ਅਸਲੀ ਵੀਡੀਓ ਵਿੱਚ WWE ਦੇ 2007 ਦੇ ਪ੍ਰੋਗਰਾਮ ਦੇ ਵੀਡੀਓ ਵਿੱਚ ਟਰੰਪ ਤੈਅ ਯੋਜਨਾ ਅਨੁਸਾਰ ਫਰੈਂਚਜੀ ਮਾਲਕ ਵੀਨਸ ਮੈਕਮੈਹਾਨ ਨੂੰ ਕੁੱਟਦਾ ਹੋਇਆ ਦਿਖਿਆ ਗਿਆ ਸੀ। ਨਵੇਂ ਵੀਡੀਓ ਵਿੱਚ ਮੈਕਮੈਹਾਨ ਦੇ ਚਿਹਰੇ ਦੀ ਥਾਂ CNN ਦਾ ਲੋਗੋ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ। ਯਾਦ ਰਹੇ ਕਿ ਟਰੰਪ ਪਹਿਲਾਂ ਹੀ ਸੀਐਨਐਨ ਉੱਤੇ ਫ਼ਰਜ਼ੀ ਖ਼ਬਰਾਂ ਦਿਖਾਉਣ ਦਾ ਦੋਸ਼ ਲਾਉਂਦਾ ਰਹੇ ਹਨ। ਇਸ ਵੀਡੀਓ ਦੀ ਹੁਣ ਕਾਫ਼ੀ ਨਿੰਦਾ ਹੋ ਰਹੀ ਹੈ।