ਅਮਰੀਕੀ ਡਾਲਰ ਦੇ ਮੁਕਾਬਲੇ ‘ਚ ਰੁਪਏ ‘ਚ ਗਿਰਾਵਟ ਲਗਾਤਾਰ ਜਾਰੀ

ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਦਾ ਸਿਲਸਿਲਾ ਆਉਣ ਵਾਲੇ ਮਹੀਨਿਆਂ ‘ਚ ਵੀ ਜਾਰੀ ਰਹਿ ਸਕਦਾ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, ਬਲਕਿ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਆਰਥਿਕ ਸਮੀਖਿਆ ਰਿਪੋਰਟ ‘ਚ ਕਹੀ ਗਈ ਹੈ। ਰਿਪੋਰਟ ਮੁਤਾਬਕ ਰੁਪਏ ‘ਚ ਹੋਰ ਡੀਵੈਲਿਊਏਸ਼ਨ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਬੇਹਦ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਖਾਸ ਤੌਰ ‘ਤੇ ਆਪਣੇ ਵਿਦੇਸ਼ੀ ਮੁਦਰਾ ਪ੍ਰਬੰਧਨ ਨੂੰ ਲੈ ਕੇ ਮਹੱਤਵਪੂਰਨ ਤਬਦੀਲੀ ਕਰਨੀ ਚਾਹੀਦੀ ਹੈ। ਇਸ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਚਾਲੂ ਕੈਲੰਡਰ ਸਾਲ ‘ਚ ਦੁਨੀਆਂ ਦੇ ਅੱਠ ਸਭ ਤੋਂ ਪ੍ਰਮੁੱਖ ਵਿਕਾਸਸ਼ੀਲ ਦੇਸ਼ਾਂ ‘ਚ ਭਾਰਤੀ ਰੁਪਿਆ ਡੀਵੈਲਿਊਏਸ਼ਨ ਦੇ ਮਾਮਲੇ ਵਿਚ ਚੌਥੇ ਨੰਬਰ ‘ਤੇ ਹੈ। ਡਾਲਰ ਦੇ ਮੁਕਾਬਲੇ ਬ੍ਰਾਜ਼ੀਲ, ਰੂਸ ਤੇ ਦੱਖਣੀ ਅਫਰੀਕਾ ਦੀਆਂ ਕਰੰਸੀਆਂ ਤੋਂ ਬਾਅਦ ਸਭ ਤੋਂ ਜ਼ਿਆਦਾ ਗਿਰਾਵਟ ਭਾਰਤੀ ਰੁਪਏ ‘ਚ ਹੋਈ ਹੈ। ਸਰਕਾਰ ਜ਼ਿਆਦਾ ਚਿੰਤਤ ਨਹੀਂ: ਇਹੀ ਕਾਰਨ ਹੈ ਕਿ ਰਿਪੋਰਟ ‘ਚ ਭਾਰਤੀ ਰੁਪਏ ਨੂੰ ਏਸ਼ੀਆ ‘ਚ ਸਭ ਤੋਂ ਤੇਜ਼ੀ ਨਾਲ ਡਿੱਗਣ ਵਾਲੀ ਮੁਦਰਾ ਦੇ ਤੌਰ ‘ਤੇ ਦੱਸਿਆ ਗਿਆ ਹੈ। ਇਸ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਆਰ.ਬੀ.ਆਈ. ਵੱਲੋਂ ਰੁਪਏ ਦੀ ਡੀਵੈਲਿਊਏਸ਼ਨ ਰੋਕਣ ਲਈ ਕਦਮ ਉਠਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਇਸ ਵਿਚ ਕਿਹਾ ਗਿਆ ਹੈ ਕਿ ਆਰ.ਬੀ.ਆਈ. ਵੱਲੋਂ ਮੁਦਰਾ ਬਾਜ਼ਾਰ ‘ਚ ਦਖਲ ਦੇ ਕੇ ਰੁਪਏ ਨੂੰ ਥੰਮਣ੍ਹ ਦਾ ਬਦਲ ਖੁੱਲ੍ਹਾ ਹੈ ਪਰ ਇਸ ਬਦਲ ਦੇ ਵੀ ਦੂਜੇ ਅਸਰ ਹੁੰਦੇ ਹਨ। ਸਰਕਾਰ ਦੇ ਰਵੱਈਏ ਤੋਂ ਵੀ ਲੱਗਦਾ ਹੈ ਕਿ ਉਹ ਬਹੁਤ ਚਿੰਤਾ ਵਿਚ ਨਹੀਂ ਹੈ। ਵਿੱਤ ਮੰਤਰਾਲੇ ਦੇ ਆਹਲਾ ਅਧਿਕਾਰੀਆਂ ਮੁਤਾਬਕ ਰੁਪਇਆ ਆਪਣਾ ਪੱਧਰ ਆਪ ਹੀ ਤਲਾਸ਼ ਲਵੇਗਾ ਕਿਉਂਕਿ ਇਹ ਗਿਰਾਵਟ ਬਾਹਰਲੇ ਕਾਰਨਾਂ ਕਰਕੇ ਜ਼ਿਆਦਾ ਹੈ। ਇਸ ਵਿਚ ਘਰੇਲੂ ਕਾਰਨ ਜ਼ਿੰਮੇਵਾਰ ਨਹੀਂ ਹਨ। ਉਂਜ ਵੀ ਸਾਰੇ ਵਿਕਾਸਸ਼ੀਲ ਦੇਸ਼ਾਂ ਦੀਆਂ ਕਰੰਸੀਆਂ ‘ਚ ਗਿਰਾਵਟ ਹੋ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਇਸ ਵਿਚ ਸਥਿਰਤਾ ਆ ਜਾਵੇਗੀ।