ਅਮਰੀਕੀ ਚੋਣਾਂ : 1 ਹਜ਼ਾਰ ਤੋਂ ਵੱਧ ਭਾਰਤੀ ਬਿਡੇਨ-ਹੈਰਿਸ ਦੇ ਸਮਰਥਨ ‘ਚ ਆਏ

334
Share

ਨਿਊਯਾਰਕ, 2 ਨਵੰਬਰ (ਪੰਜਾਬ ਮੇਲ)- ਵਾਈਟ ਹਾਊਸ ਲਈ ਦੌੜ ਦੇ ਅੰਤਮ ਪੜਾਅ ‘ਤੇ ਪਹੁੰਚਣ ਦੇ ਨਾਲ ਹੀ ਏਸ਼ੀਆਈ-ਭਾਰਤੀ ਭਾਈਚਾਰੇ ਦੇ 1100 ਤੋਂ ਵੱਧ ਪ੍ਰਸਿੱਧ ਲੋਕਾਂ ਨੇ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਪ੍ਰਤੀ ਸਮਰਥਨ ਜਤਾਇਆ ਹੈ। ਇਨ੍ਹਾਂ ਸਮਰਥਕਾਂ ‘ਚ ਭਾਰਤੀ-ਅਮਰੀਕੀ ਚੋਣ ਅਧਿਕਾਰੀ, ਕਲਾਕਾਰ, ਕਾਰੋਬਾਰੀ ਤੇ ਭਾਈਚਾਰੇ ਦੇ ਨੇਤਾ ਸ਼ਾਮਲ ਹਨ। ਬਿਡੇਨ ਅਤੇ ਹੈਰਿਸ ਦਾ ਸਮਰਥਨ ਵਾਲੇ ਏਸ਼ੀਅਨ ਅਮੈਰੀਕਨਜ਼ ਐਂਡ ਪੈਸੀਫਿਕ ਆਈਲੈਂਡਰਸ (ਏਏਪੀਆਈ) ਦੀ ਸੂਚੀ ਵਿੱਚ ਦੇਸ਼ ਭਰ ਤੋਂ ਸਾਰੇ ਪਿਛੋਕੜ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੇਤਾ ਸ਼ਾਮਲ ਹਨ।

ਇਸ ਤੋਂ ਪਹਿਲਾਂ ਜੁਲਾਈ 2020 ਵਿੱਚ 250 ਏਏਪੀਆਈ ਸਮਰਥਕਾਂ ਦੀ ਸੂਚੀ ਜਾਰੀ ਕੀਤੀ ਗਈ  ਸੀ। ਡੈਮੋਕਰੇਟਿਕ ਨੈਸ਼ਨਲ ਕਮੇਟੀ ‘ਚ ਏਏਪੀਆਈ ਕੌਕਸ ਚੇਅਰ ਬੇਲ ਲੇਆਂਗ ਹਾਂਗ, ਜਿਨ੍ਹਾਂ ਨੇ ਉਕਤ ਸੂਚੀ ਬਣਾਈ, ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਦੇ ਏਏਪੀਆਈ ਭਾਈਚਾਰਾ ਰਾਸ਼ਟਰਪਤੀ ਚੋਣਾਂ ‘ਚ ਇਸ ਇਕਜੁਟਤਾ ਅਤੇ ਉਤਸ਼ਾਹ ਨਾਲ ਸ਼ਾਮਲ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਨਸਲਾਂ ਦੇ ਲਗਭਗ 20 ਸਮੂਹ ਬਣੇ ਹਨ, ਪਰ ਹੈਰਿਸ ਅਤੇ ਬਿਡੇਨ ਦੇ ਸਮਰਥਨ ਨੂੰ ਲੈ ਕੇ ਉਹ ਸਾਰੇ ਇੱਕ ਹਨ ਤਾਂ ਕਿ ਜੋ ਗੜਬੜੀ ਟਰੰਪ ਨੇ ਫ਼ੈਲਾਈ ਹੈ, ਉਸ ਤੋਂ ਦੇਸ਼ ਅਤੇ ਦੁਨੀਆ ਨੂੰ ਬਾਹਰ ਕੱਢਿਆ ਜਾ ਸਕੇ।
ਲੇਆਂਗ ਹਾਂਗ ਨੇ ਕਿਹਾ ਕਿ ਸੂਚੀ ‘ਚ ਸ਼ਾਮਲ ਲੋਕ ਵੱਖ-ਵੱਖ ਉਮਰ ਵਰਗ ਦੇ, ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ, ਵੱਖ-ਵੱਖ ਸੱਭਿਆਚਾਰ ਅਤੇ ਵਿਰਾਸਤ ਦੇ ਹਨ, ਪਰ ਵਧੀਆ ਭਵਿੱਖ ਲਈ ਸਾਰਿਆਂ ਦੀਆਂ ਉਮੀਦਾਂ ਅਤੇ ਸੁਪਨੇ ਇੱਕ ਹਨ।


Share