ਅਮਰੀਕੀ ਚੋਣਾਂ: ਵਿਸਕਾਨਸਿਨ ‘ਚ ਵੋਟਾਂ ਦੀ ਦੁਬਾਰਾ ਗਿਣਤੀ ਦੇ ਬਾਅਦ ਵੀ ਬਾਇਡਨ ਦੀ ਜਿੱਤ

206
Share

ਫਰਿਜ਼ਨੋ, 2 ਦਸੰਬਰ (ਮਾਛੀਕੇ/ਪੰਜਾਬ ਮੇਲ)- ਵਿਸਕਾਨਸਿਨ ਦੀ ਡੇਨ ਕਾਉਂਟੀ ‘ਚ ਐਤਵਾਰ ਨੂੰ ਵੋਟਾਂ ਦੀ ਗਿਣਤੀ ਪੂਰੀ ਹੋਣ ‘ਤੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਨੇ ਅਹਿਮ ਲੜਾਈ ‘ਚ ਟਰੰਪ ਨੂੰ ਹਰਾ ਕੇ ਫਿਰ ਬਾਇਡਨ ਨੇ ਜਿੱਤ ਲਈ ਹੈ।
ਡੇਨ ਕਾਉਂਟੀ ਦੀ ਮੁੜ ਗਿਣਤੀ ‘ਚ ਰਾਸ਼ਟਰਪਤੀ ਟਰੰਪ ਨੂੰ ਸ਼ੁਰੂਆਤੀ ਗਿਣਤੀ ਨਾਲੋਂ 45 ਹੋਰ ਵੋਟਾਂ ਮਿਲੀਆਂ, ਜਦਕਿ ਮਿਲਵਾਕੀ ਕਾਉਂਟੀ, ਜਿਸ ਨੇ ਸ਼ੁੱਕਰਵਾਰ ਨੂੰ ਆਪਣੀ ਗਿਣਤੀ ਪੂਰੀ ਕੀਤੀ ਸੀ, ਨੇ ਬਾਇਡਨ ਨੂੰ 132 ਹੋਰ ਵੋਟਾਂ ਦਿੱਤੀਆਂ ਸਨ, ਜਿਸ ਨਾਲ ਬਾਇਡਨ ਨੇ 87 ਵੋਟਾਂ ਨਾਲ ਬੜ੍ਹਤ ਬਣਾਈ ਹੈ। ਟਰੰਪ ਦੀ ਮੁਹਿੰਮ ਵਿਚ ਡੇਨ ਕਾਉਂਟੀ ‘ਚ ਵਿਅਕਤੀਗਤ ਤੌਰ ‘ਤੇ ਜਮ੍ਹਾ ਹੋਏ ਸਾਰੇ ਗੈਰ-ਹਾਜ਼ਰ ਬੈਲਟ ਬਾਹਰ ਸੁੱਟਣ ਦੀ ਮੰਗ ਕੀਤੀ ਗਈ ਸੀ, ਜਿਸ ਵਿਚ ਤਕਰੀਬਨ 69,000 ਵੋਟਾਂ ਪਈਆਂ ਸਨ ਅਤੇ ਇਸ ਪਟੀਸ਼ਨ ਨੂੰ ਮੁੜ ਗਿਣਤੀ ਦੇ ਪਹਿਲੇ ਦਿਨ 20 ਨਵੰਬਰ ਨੂੰ ਵਿਸਕਾਨਸਿਨ ਬੋਰਡ ਆਫ ਕੈਨਵੇਸਰਜ਼ ਨੇ ਖਾਰਜ ਕਰ ਦਿੱਤਾ ਸੀ।
ਇਸ ਸੂਬੇ ਦੀ ਮੁੜ ਗਿਣਤੀ ਸੰਬੰਧੀ ਬਾਇਡਨ ਮੁਹਿੰਮ ਦੇ ਵਿਸਕਾਨਸਿਨ ਸਟੇਟ ਦੇ ਡਾਇਰੈਕਟਰ, ਡੈਨੀਅਲ ਮੈਲਫੀ ਨੇ ਇਕ ਬਿਆਨ ‘ਚ ਕਿਹਾ ਕਿ ਦੁਬਾਰਾ ਗਿਣਤੀ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਜਿੱਤ ਪ੍ਰਾਪਤ ਕਰਵਾਈ ਹੈ। ਵਿਸਕਾਨਸਿਨ ਤੋਂ ਇਲਾਵਾ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ ਅਤੇ ਨੇਵਾਡਾ ਵਿਚ ਵੀ ਟਰੰਪ ਦੀ ਮੁਹਿੰਮ ਦੁਆਰਾ ਚੋਣਾਂ ਸੰਬੰਧੀ ਕਾਨੂੰਨੀ ਚੁਣੌਤੀਆਂ ਅਸਫਲ ਹੋ ਗਈਆਂ ਹਨ।


Share