ਅਮਰੀਕੀ ਚੋਣਾਂ ‘ਤੇ ਸਾਇਬਰ ਹਮਲੇ ਦਾ ਖ਼ਤਰਾ : ਫੈਡਰਲ ਅਧਿਕਾਰੀ

535
Share

-ਵੋਟਿੰਗ ਸਬੰਧੀ ਪ੍ਰਕਿਰਿਆਵਾਂ ਹੋ ਸਕਦੀਆਂ ਹਨ ਪ੍ਰਭਾਵਿਤ
ਵਾਸ਼ਿੰਗਟਨ, 3 ਅਗਸਤ (ਪੰਜਾਬ ਮੇਲ)- ਫੈੱਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਕ ‘ਚ ਨਵੰਬਰ ਮਹੀਨੇ ‘ਚ ਹੋਣ ਵਾਲੀਆਂ ਚੋਣਾਂ ਲਈ ਸਭ ਤੋਂ ਵੱਡਾ ਖ਼ਤਰਾ ਸਹੀ ਸਮੇਂ ‘ਤੇ ਕੀਤਾ ਗਿਆ ਰੈਨਸਮਵੇਅਰ ਹਮਲਾ (ਸਾਫਟਵੇਅਰ ‘ਤੇ ਹਮਲਾ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਉਣਾ) ਹੈ, ਜਿਸ ਨਾਲ ਵੋਟਿੰਗ ਸਬੰਧੀ ਪ੍ਰਕਿਰਿਆਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖ਼ਤਰਾ ਵਿਦੇਸ਼ੀ ਸਰਕਾਰਾਂ ਤੋਂ ਹੀ ਨਹੀਂ, ਬਲਕਿ ਕਿਸਮਤ ਚਮਕਾਉਣ ਦੀ ਤੀਬਰ ਇੱਛਾ ਰੱਖਣ ਵਾਲੇ ਕੁਝ ਅਪਰਾਧੀਆਂ ਦਾ ਵੀ ਹੋ ਸਕਦਾ ਹੈ। ਸੂਬਾਈ ਤੇ ਸਥਾਨਕ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਰੈਨਸਮਵੇਅਰ ਹਮਲਿਆਂ ਦੀ ਗਿਣਤੀ ਅੱਜਕੱਲ੍ਹ ਵਧਦੀ ਜਾ ਰਹੀ ਹੈ, ਜਿਸ ਤਹਿਤ ਸਾਈਬਰ ਅਪਰਾਧੀ ਡਾਟਾ ਕਬਜ਼ੇ ‘ਚ ਲੈ ਕੇ ਤੁਰੰਤ ਪੈਸਿਆਂ ਦੀ ਮੰਗ ਕਰਦੇ ਹਨ ਤੇ ਉਦੋਂ ਤੱਕ ਡਾਟਾ ਵਾਪਸ ਨਹੀਂ ਕਰਦੇ, ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ। ਅਜਿਹੇ ਹਮਲੇ ਸਿੱਧੇ ਤੇ ਅਸਿੱਧੇ ਦੋਵੇਂ ਤਰ੍ਹਾਂ ਹੀ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਸਰਕਾਰ ਦੇ ਅਜਿਹੇ ਨੈੱਟਵਰਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਨ੍ਹਾਂ ‘ਚ ਵੋਟਰਾਂ ਸਬੰਧੀ ਡਾਟਾਬੇਸ ਪਏ ਹੋਣ। ਇਸ ਸਬੰਧੀ ਐੱਫ.ਬੀ.ਆਈ. ਤੇ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਸਥਾਨਕ ਸਰਕਾਰਾਂ ਲਈ ਐਡਵਾਈਜ਼ਰੀਆਂ ਜਾਰੀ ਕੀਤੀਆਂ ਹਨ, ਜਿਨ੍ਹਾਂ ‘ਚ ਅਜਿਹੇ ਹਮਲਿਆਂ ਤੋਂ ਬਚਾਅ ਲਈ ਸਿਫਾਰਸ਼ਾਂ ਸ਼ਾਮਲ ਹਨ।


Share