ਅਮਰੀਕੀ ਚੋਣਾਂ : ਜਿੱਤ ਦੇ ਨੇੜੇ ਬਾਇਡਨ, ਪੱਛੜ ਰਹੇ ਟਰੰਪ ਨੇ ਲਾਏ ਧਾਂਦਲੀ ਦੇ ਦੋਸ਼

80
Share

ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ) : ਅਮਰੀਕਾ ਦੇ ਰਾਸ਼ਟਰਪਤੀ ਭਵਨ ਯਾਨੀ ਵ੍ਹਾਈਟ ਹਾਊਸ ਵਿਚ ਡੋਨਾਲਡ ਟਰੰਪ ਦੂਜੇ ਕਾਰਜਕਾਲ ਲਈ ਬਣੇ ਰਹਿਣਗੇ ਜਾਂ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਜਾਣਗੇ? ਇਸ ਸਵਾਲ ਦੇ ਜਵਾਬ ਦਾ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਸਖ਼ਤ ਮੁਕਾਬਲੇ ਵਿਚ ਹੁਣ ਤਕ ਵੋਟਾਂ ਦੀ ਗਿਣਤੀ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਬਾਇਡਨ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਟਰੰਪ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ। ਉਹ ਹੌਲੀ-ਹੌਲੀ ਜਿੱਤ ਦੇ ਨੇੜੇ ਪਹੁੰਚ ਰਹੇ ਹਨ। ਉਹ ਜਿੱਤ ਦੇ ਅੰਕੜੇ ਯਾਨੀ 270 ਇਲੈਕਟੋਰਲ ਵੋਟ ਹਾਸਲ ਕਰਨ ਦੇ ਇਕਦਮ ਨੇੜੇ ਹਨ ਜਦਕਿ ਚੋਣ ਵਿਚ ਪੱਛੜ ਰਹੇ ਟਰੰਪ ਨੇ ਧਾਂਦਲੀ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਖੇਮਾ ਕੋਰਟ ਵਿਚ ਚਲਿਆ ਗਿਆ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਕਰਾਉਣ ਦੀ ਮੰਗ ਕੀਤੀ ਹੈ। ਅਮਰੀਕਾ ਵਿਚ ਲੰਘੇ ਮੰਗਲਵਾਰ ਨੂੰ ਰਾਸ਼ਟਰਪਤੀ ਚੋਣ ਹੋਈ ਸੀ ਅਤੇ ਦੋ ਦਿਨਾਂ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪਰ ਹਾਲੇ ਤਕ ਆਖ਼ਰੀ ਨਤੀਜੇ ਸਾਹਮਣੇ ਨਹੀਂ ਆਏ ਹਨ। ਨਤੀਜਿਆਂ ਦੇ ਲਿਹਾਜ਼ ਨਾਲ ਕੁਝ ਸੂਬੇ ਅਹਿਮ ਬਣੇ ਹੋਏ ਹਨ। ਟਰੰਪ ਦੀ ਜਿੱਤ ਜਾਂ ਹਾਰ ਵਿਚ ਇਹੀ ਕੁਝ ਸੂਬੇ ਫ਼ੈਸਲਾਕੁੰਨ ਸਾਬਤ ਹੋਣਗੇ।
ਅਮਰੀਕੀ ਮੀਡੀਆ ਮੁਤਾਬਕ, 77 ਸਾਲਾ ਬਾਇਡਨ ਨੂੰ ਵ੍ਹਾਈਟ ਹਾਊਸ ਪੁੱਜਣ ਲਈ ਮਹਿਜ਼ 6 ਤੋਂ 17 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਚੋਣ ਜਿੱਤਣ ਲਈ ਲੋੜੀਂਦੀ ਗਿਣਤੀ ਯਾਨੀ 270 ਇਲੈਕਟੋਰਲ ਵੋਟ ਹਾਸਲ ਕਰਨ ਲਈ ਲੋੜੀਂਦੇ ਰਾਜਾਂ ਵਿਚ ਜਿੱਤ ਦਰਜ ਕਰ ਰਹੇ ਹਨ।
ਬਾਇਡਨ ਨੇ ਆਪਣੇ ਗ੍ਰਹਿ ਸੂਬੇ ਡੇਲਾਵੇਅਰ ਵਿਚ ਆਪਣੇ ਸਮਰਥਕਾਂ ਨੂੰ ਕਿਹਾ, ਇਹ ਮੇਰੀ ਜਾਂ ਸਾਡੀ ਇਕੱਲਿਆਂ ਦੀ ਜਿੱਤ ਨਹੀਂ ਹੋਵੇਗੀ। ਇਹ ਜਿੱਤ ਅਮਰੀਕੀ ਲੋਕਾਂ ਦੀ ਹੋਵੇਗੀ। ਅਸੀਂ 270 ਇਲੈਕਟੋਰਲ ਵੋਟ ਤਕ ਪਹੁੰਚਣ ਲਈ ਲੋੜੀਂਦੇ ਸੂਬੇ ਜਿੱਤ ਰਹੇ ਹਾਂ। ਇੱਧਰ, ਟਰੰਪ ਨੇ ਬੁੱਧਵਾਰ ਦੇਰ ਰਾਤ ਕਈ ਟਵੀਟ ਕੀਤੇ ਅਤੇ ਪੈਂਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲੀਨਾ ਅਤੇ ਜਾਰਜੀਆ ਵਿਚ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ, ਅਸੀਂ ਪੈਂਸਿਲਵੇਨੀਆ, ਜਾਰਜੀਆ, ਨਾਰਥ ਕੈਰੋਲੀਨਾ ਵਿਚ ਦਾਅਵਾ ਕੀਤਾ ਹੈ, ਜਿੱਥੇ ਲੀਡ ਮਿਲ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਸੀਂ ਮਿਸ਼ੀਗਨ ‘ਤੇ ਵੀ ਦਾਅਵਾ ਕਰ ਰਹੇ ਹਾਂ। ਇੱਥੇ ਗੁਪਤ ਰੂਪ ਨਾਲ ਵੱਡੀ ਗਿਣਤੀ ਵਿਚ ਪਾਈਆਂ ਗਈਆਂ ਵੋਟਾਂ ਬਾਰੇ ਜਾਣਕਾਰੀ ਮਿਲੀ ਹੈ। ਇਕ ਹੋਰ ਟਵੀਟ ਵਿਚ ਟਰੰਪ ਨੇ ਕਿਹਾ, ਚੋਣ ਪ੍ਰਣਾਲੀ ਦੀ ਅਖੰਡਤਾ ਅਤੇ ਰਾਸ਼ਟਰਪਤੀ ਚੋਣ ਨੂੰ ਸੱਟ ਵੱਜੀ ਹੈ। ਇਸ ‘ਤੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ। ਟਰੰਪ ਦੀ ਚੋਣ ਮੁਹਿੰਮ ਟੀਮ ਨੇ ਜਾਰਜੀਆ, ਮਿਸ਼ੀਗਨ ਅਤੇ ਪੈਂਸਿਲਵੇਨੀਆ ਵਿਚ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਵਿਸਕਾਂਸਿਨ ਵਿਚ ਵੀ ਵੋਟਾਂ ਦੀ ਗਿਣਤੀ ਦੀ ਦੁਬਾਰਾ ਮੰਗ ਕੀਤੀ ਗਈ ਹੈ ਜਦਕਿ ਅਮਰੀਕਾ ਦੇ ਪ੍ਰਮੁੱਖ ਮੀਡੀਆ ਸਮੂਹ ਮਿਸ਼ੀਗਨ ਅਤੇ ਵਿਸਕਾਂਸਿਨ ਵਿਚ ਬਾਇਡਨ ਨੂੰ ਜੇਤੂ ਦੱਸ ਰਹੇ ਹਨ ਜਦਕਿ ਪੈਂਸਿਲਵੇਨੀਆ ਵਿਚ ਟਰੰਪ ਦੀ ਲੀਡ ਦਿਖਾ ਰਹੇ ਹਨ।
ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਲਈ ਚਾਰ ਰਾਜਾਂ ਵਿਚ ਜਿੱਤ ਦਰਜ ਕਰਨਾ ਬੇਹੱਦ ਜ਼ਰੂਰੀ ਹੈ। ਜੇਕਰ ਉਹ ਪੈਂਸਿਲਵੇਨੀਆ ਦੇ ਨਾਲ ਜਾਰਜੀਆ, ਨਾਰਥ ਕੈਰੋਲੀਨਾ ਅਤੇ ਨੇਵਾਦਾ ਵਿਚ ਜਿੱਤ ਦਰਜ ਕਰਦੇ ਹਨ ਤਾਂ ਉਨ੍ਹਾਂ ਦਾ ਜਿੱਤਣਾ ਤੈਅ ਹੋ ਸਕਦਾ ਹੈ। ਪੈਂਸਿਲਵੇਨੀਆ, ਜਾਰਜੀਆ ਅਤੇ ਨਾਰਥ ਕੈਰੋਲਿਨਾ ਵਿਚ ਟਰੰਪ ਮਾਮੂਲੀ ਵਾਧਾ ਬਣਾਏ ਹੋਏ ਹਨ ਜਦਕਿ ਨੇਵਾਦਾ ਵਿਚ ਬਾਇਡਨ ਥੋੜੇ ਅੰਤਰ ਨਾਲ ਅੱਗੇ ਹਨ। ਬਾਇਡਨ ਲਈ ਨੇਵਾਦਾ ਜਿੱਤਣਾ ਜ਼ਰੂਰੀ ਹੈ। ਇਸ ਸੂਬੇ ਵਿਚ ਜਿੱਤ ਦੇ ਨਾਲ ਉਨ੍ਹਾਂ ਦੀਆਂ ਇਲੈਕਟੋਰਲ ਵੋਟਾਂ ਦੀ ਗਿਣਤੀ 270 ਹੋ ਜਾਵੇਗੀ। ਇਸ ਪ੍ਰਾਂਤ ਵਿਚ ਛੇ ਇਲੈਕਟੋਰਲ ਕਾਲਜ ਵੋਟ ਹਨ।


Share