ਅਮਰੀਕੀ ਚੋਣਾਂ ‘ਚ ਡੈਮੋਕਰੈਟਿਕ ਕੌਮੀ ਸੰਮੇਲਨ ਇਤਿਹਾਸ ਸਿਰਜਣ ਲਈ ਤਿਆਰ

440
Share

ਵਾਸ਼ਿੰਗਟਨ, 19 ਅਗਸਤ (ਪੰਜਾਬ ਮੇਲ)- ਡੈਮੋਕਰੈਟਿਕ ਕੌਮੀ ਸੰਮੇਲਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਐਲਾਨ ਕੇ ਇਤਿਹਾਸ ਸਿਰਜ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪ੍ਰਮੁੱਖ ਪਾਰਟੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਸਿਆਹਫਾਮ ਅਤੇ ਕਿਸੇ ਭਾਰਤੀ ਤੇ ਅਫ਼ਰੀਕੀ ਮੂਲ ਦੇ ਅਮਰੀਕੀ ਨੂੰ ਉਮੀਦਵਾਰ ਐਲਾਨਿਆ ਹੈ।
ਕੈਲੀਫੋਰਨੀਆ ਦੇ ਅਟਾਰਨੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਮਲਾ ਹੈਰਿਸ (55) ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਕੇ ਅਮਰੀਕੀ ਰਾਜਨੀਤੀ ‘ਚ ਇਕ ਹੋਰ ਨਵਾਂ ਇਤਿਹਾਸ ਸਿਰਜ ਦੇਵੇਗੀ। ਜਮਾਇਕਾ ਦੇ ਰਹਿਣ ਵਾਲੇ ਪਿਤਾ ਤੇ ਭਾਰਤੀ ਮਾਂ ਤੋਂ ਜਨਮੀ ਹੈਰਿਸ ਸਾਨ ਫਰਾਂਸਿਸਕੋ ਦੀ ਜ਼ਿਲ੍ਹਾ ਅਟਾਰਨੀ ਵੀ ਰਹੀ ਹੈ, ਜੋ ਇਸ ਅਹੁਦੇ ‘ਤੇ ਚੁਣੀ ਜਾਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਅਤੇ ਭਾਰਤੀ ਮੂਲ ਦੀ ਵਿਅਕਤੀ ਸੀ। ਅਮਰੀਕੀ ਸੈਨੇਟ ‘ਚ ਸ਼ਾਮਲ ਤਿੰਨ ਏਸ਼ਿਆਈ-ਅਮਰੀਕੀਆਂ ‘ਚੋਂ ਉਹ ਇਕ ਹੈ ਅਤੇ ਉਹ ਇਸ ਚੈਂਬਰ ‘ਚ ਸੇਵਾ ਨਿਭਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ।
ਜ਼ਿਕਰਯੋਗ ਹੈ ਕਿ 17 ਅਗਸਤ ਤੋਂ ਸ਼ੁਰੂ ਹੋਏ ਡੈਮੋਕਰੈਟਿਕ ਕੌਮੀ ਸੰਮੇਲਨ ‘ਚ ਹੈਰਿਸ ਭਾਸ਼ਣ ਦੇਵੇਗੀ। ਇਸੇ ਦੌਰਾਨ ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਅਮਰੀਕੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਟਰੰਪ ਤੇ ਉਨ੍ਹਾਂ ਦੀ ਚੋਣ ਮੁਹਿੰਮ ਝੂਠ ਅਤੇ ਹੋਛੇ ਹੱਥਕੰਡਿਆਂ ‘ਤੇ ਆਧਾਰਿਤ ਹੈ। ਉਹ ਰਾਸ਼ਟਰਪਤੀ ਟਰੰਪ ਵੱਲੋਂ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਸਬੰਧੀ ਉਸ ਦੀ ਯੋਗਤਾ ‘ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦੇ ਰਹੀ ਸੀ।


Share