ਅਮਰੀਕੀ ਚਰਚ ਕਤਲੇਆਮ ਮਾਮਲਾ; ਮਾਨਸਿਕ ਬਿਮਾਰੀ ਕਾਰਨ ਹਸਪਤਾਲ ‘ਚ ਰਿਹਾ ਸੀ ਕੇਲੀ

ਹਿਊਸਟਨ, 9 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਸਦਰਲੈਂਡ ਸਪਰਿੰਗ ਪਿੰਡ ਦੇ ਗਿਰਜਾਘਰ ਵਿਚ ਦਾਖ਼ਲ ਹੋ ਕੇ ਸ਼ਰਧਾਲੂਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲਾ ਕੇਲੀ ਮਾਨਸਿਕ ਤੌਰ ‘ਤੇ ਬਿਮਾਰ ਸੀ। ਸੰਨ 2012 ‘ਚ ਉਸ ਨੂੰ ਮਾਨਸਿਕ ਬਿਮਾਰੀ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੇਵਾ ਦੌਰਾਨ ਹੀ ਡੇਵਿਨ ‘ਤੇ ਘਰੇਲੂ ਹਿੰਸਾ ਦੇ ਦੋਸ਼ ਲੱਗੇ। ਪਹਿਲੀ ਪਤਨੀ ਅਤੇ ਉਸ ਦਾ ਮਤਰੇਆ ਬੇਟਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਇਆ ਸੀ। ਦੋਸ਼ ਸਿੱਧ ਹੋਣ ‘ਤੇ ਡੇਵਿਨ ਕੇਲੀ ਨੂੰ ਹਵਾਈ ਫ਼ੌਜ ਦੀ ਨੌਕਰੀ ਤੋਂ ਕੱਢਿਆ ਗਿਆ ਸੀ। ਐਤਵਾਰ ਨੂੰ ਹੋਈ ਘਟਨਾ ਵਿਚ 26 ਸ਼ਰਧਾਲੂ ਮਾਰੇ ਗਏ ਸਨ ਜਦਕਿ 20 ਜ਼ਖ਼ਮੀ ਹੋਏ ਸਨ। ਅਮਰੀਕਾ ਦੇ ਨਿਊ ਮੈਕਸੀਕੋ ਸਥਿਤ ਏਅਰਬੇਸ ‘ਤੇ ਤਾਇਨਾਤ ਰਹੇ ਡੇਵਿਨ ਨੂੰ ਲੈ ਕੇ ਡਾਕਟਰ ਨੇ ਰਿਪੋਰਟ ਦਿੱਤੀ ਸੀ ਕਿ ਉਸ ਵਿਚ ਖ਼ੁਦ ਜਾਂ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹਿੰਸਾਤਮਕ ਪ੍ਰਵਿਰਤੀ ਹੈ। ਜਿਸ ਸਮੇਂ ਇਹ ਰਿਪੋਰਟ ਦਿੱਤੀ ਗਈ ਸੀ ਉਸ ਸਮੇਂ ਡੇਵਿਨ ਦੀ ਉਮਰ 21 ਸਾਲ ਸੀ ਅਤੇ ਉਹ ਅਕਸਰ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ। ਇਥੋਂ ਤਕ ਕਿ ਉਹ ਆਪਣੇ ਕਮਾਂਡਰ ਨੂੰ ਵੀ ਧਮਕੀ ਦੇਣ ਤੋਂ ਬਾਜ਼ ਨਹੀਂ ਆਉਂਦਾ ਸੀ। ਇਨ੍ਹਾਂ ਧਮਕੀਆਂ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਐਤਵਾਰ ਸਵੇਰੇ ਉਹ ਗਿਰਜਾਘਰ ‘ਤੇ ਹਮਲੇ ਪਿੱਛੋਂ ਭੱਜਿਆ ਤਾਂ ਪੇਂਡੂਆਂ ਦੀ ਘੇਰਾਬੰਦੀ ਅਤੇ ਫਾਇਰਿੰਗ ਵਿਚ ਉਸ ਦੀ ਅਸਾਲਟ ਰਾਈਫਲ ਡਿੱਗ ਗਈ ਸੀ। ਪਿੱਛਾ ਕੀਤੇ ਜਾਣ ‘ਤੇ ਉਸ ਨੇ ਖ਼ੁਦ ਨੂੰ ਗੋਲੀ ਮਾਰੇ ਕੇ ਆਤਮ ਹੱਤਿਆ ਕਰ ਲਈ। ਪੋਸਟਮਾਰਟਮ ਵਿਚ ਇਸ ਦੀ ਪੁਸ਼ਟੀ ਹੋਈ ਹੈ। ਡੇਵਿਨ ਦੀ ਕਾਰ ਵਿਚੋਂ ਪੁਲਿਸ ਨੂੰ ਦੋ ਹੈਂਡਗਨ ਮਿਲੀਆਂ ਹਨ।