ਅਮਰੀਕੀ ਕਾਲ ਸੈਂਟਰ ਘੋਟਾਲਾ; ਚਾਰ ਭਾਰਤੀ ਤੇ ਇਕ ਪਾਕਿਸਤਾਨੀ ਦੋਸ਼ੀ ਕਰਾਰ

ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਹੈ ਕਿ ਚਾਰ ਭਾਰਤੀਆਂ ਤੇ ਇਕ ਪਾਕਿਸਤਾਨੀ ਨਾਗਰਿਕ ਨੇ ਅਮਰੀਕਾ ‘ਚ ਭਾਰਤ ਦੇ ਕਾਲ ਸੈਂਟਰਾਂ ਰਾਹੀਂ ਟੈਲੀਫੋਨ ਦੀ ਮਦਦ ਨਾਲ ਵੱਡੇ ਪੱਧਰ ‘ਤੇ ਧੋਖਾਧੜੀ ਕੀਤੀ ਜਾ ਰਹੀ ਸੀ ਤੇ ਮਨੀ ਲਾਂਡ੍ਰਿੰਗ ਸਕੀਮ ‘ਚ ਆਪਣੀ ਭੂਮਿਕਾ ਸਬੰਧੀ ਦੋਸ਼ ਸਵੀਕਾਰ ਕਰ ਲਏ ਹਨ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ‘ਚ ਅਮਰੀਕੀ ਡਿਸਟਰਿਕਟ ਦੇ ਜੱਜ ਵੀ ਹਿਟਰਨ ਦੇ ਸਾਹਮਣੇ ਤਿੰਨ ਭਾਰਤੀ ਰਾਜੂ ਭਾਈ ਪਟੇਲ (32), ਵਿਰਾਜ ਪਟੇਲ (33), ਦਿਲੀਪ ਕੁਮਾਰ ਅੰਬਲ ਪਟੇਲ (53) ਤੇ ਪਾਕਿਸਤਾਨੀ ਨਾਗਰਿਕ ਫਹਾਦ ਅਲੀ (25) ਨੇ ਮਨੀ ਲਾਂਡ੍ਰਿੰਗ ਦੀ ਸਾਜਿਸ਼ ਨਾਲ ਜੁੜੇ ਦੋਸ਼ ਸਵੀਕਾਰ ਕਰ ਲਏ ਹਨ। ਇਸ ਤੋਂ ਪਹਿਲਾਂ ਦੋ ਜੂਨ ਨੂੰ ਇਕ ਭਾਰਤੀ ਨਾਗਰਿਕ ਹਾਰਦਿਕ ਪਟੇਲ ਨੇ ਇਸੇ ਅਦਾਲਤ ਦੇ ਸਾਹਮਣੇ ਦੂਰਸੰਚਾਰ ਰਾਹੀਂ ਵਿੱਤੀ ਧੋਖਾਧੜੀ ਸਬੰਧੀ ਸਾਜਿਸ਼ ਦੇ ਮਾਮਲੇ ‘ਚ ਆਪਣੇ ਦੋਸ਼ ਸਵੀਕਾਰ ਕੀਤੇ ਸਨ। ਨਿਆਂ ਵਿਭਾਗ ਨੇ ਕਿਹਾ ਕਿ ਪੰਜਾਂ ਦੋਸ਼ੀਆਂ ਨੂੰ ਸਜ਼ਾ ਬਾਅਦ ‘ਚ ਸੁਣਾਈ ਜਾਵੇਗੀ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ਦੇ ਇਕ ਸੰਘੀ ਗ੍ਰੈਂਡ ਜੂਰੀ ਵੱਲੋਂ 19 ਅਕਤੂਬਰ 2016 ਨੂੰ ਚਲਾਏ ਗਏ ਇਸਤਗਾਸਾ ਤਹਿਤ ਹੁਣ ਤੱਕ 56 ਵਿਅਕਤੀਆਂ ਤੇ ਭਾਰਤ ਦੇ ਚਾਰ ਕਾਲ ਸੈਂਟਰਾਂ ਖ਼ਿਲਾਫ਼ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਸਾਜਿਸ਼ ‘ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਦੋਸ਼ ਲਗਾਏ ਗਏ ਹਨ।