ਅਮਰੀਕੀ ਕਾਂਗਰਸ ਵੱਲੋਂ ਅਫਗਾਨਿਸਤਾਨ ‘ਚ ਤਸ਼ੱਦਦ ਸਹਿ ਰਹੇ ਘੱਟ ਗਿਣਤੀ ਦੀ ਸੁਰੱਖਿਆ ‘ਤੇ ਚਿੰਤਾ ਵਿਅਕਤ

242
Share

-ਘੱਟ ਗਿਣਤੀ ਦੇ ਲੋਕਾਂ ਨੂੰ ਅਮਰੀਕਾ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ
-ਅਮਰੀਕੀ ਸਿੱਖ ਆਗੂਆਂ ਨੇ ਕਾਂਗਰਸ ਮੈਂਬਰਾਂ ਦਾ ਕੀਤਾ ਧੰਨਵਾਦ

ਵਾਸ਼ਿੰਗਟਨ ਡੀ.ਸੀ., 19 ਅਗਸਤ (ਪੰਜਾਬ ਮੇਲ)- ਅਮਰੀਕੀ ਸਿੱਖ ਆਗੂਆਂ ਨੇ, ਅਮਰੀਕੀ ਕਾਂਗਰਸ ‘ਚ ਅਫ਼ਗਾਨਿਸਤਾਨ ‘ਚ ਰਹਿ ਰਹੇ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਪੇਸ਼ ਕੀਤੇ ਗਏ ਇੱਕ ਮਤੇ ‘ਤੇ ਅਮਰੀਕੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
ਅਮਰੀਕਾ ਦੇ ਪ੍ਰਤੀਨਿਧ ਸਦਨ ਵਿਚ ਅਮਰੀਕੀ ਕਾਂਗਰਸ ਵੁਮੈਨ ਜੈਕੀ ਸਪੀਅਰ ਅਤੇ ਉਨ੍ਹਾਂ ਦੇ ਨਾਲ ਹੋਰ ਸੱਤ ਕਾਂਗਰਸਮੈਨ ਵੱਲੋਂ ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਇੱਕ ਮਤੇ ਵਿਚ, ਅਫਗਾਨਿਸਤਾਨ ‘ਚ ਮੁਸ਼ਕਿਲ ਭਰੇ ਹਾਲਾਤਾਂ ‘ਚ ਰਹਿ ਰਹੇ ਸਿੱਖ ਅਤੇ ਹਿੰਦੂਆਂ ਲਈ ਨਾ ਸਿਰਫ ਸੁਰੱਖਿਆ ਦੀ ਮੰਗ ਕੀਤੀ ਹੈ, ਬਲਕਿ ਉਨ੍ਹਾਂ ਨੂੰ ਸ਼ਰਨਾਰਥੀ ਕਾਨੂੰਨ ਤਹਿਤ ਅਮਰੀਕਾ ਲਿਆਉਣ ਦੀ ਹਮਾਇਤ ਵੀ ਕੀਤੀ ਹੈ।
ਅਮਰੀਕੀ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਮਤੇ ਵਿਚ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਹੈ ਕਿ ਇਸ ਵੇਲੇ ਅਫਗਾਨਿਸਤਾਨ ‘ਚ ਇੱਕ ਵਿਧੀਗਤ ਤਰੀਕੇ ਨਾਲ ਉੱਥੇ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰੇ ਉੱਤੇ ਧਾਰਮਿਕ ਅੱਤਿਆਚਾਰ ਕੀਤਾ ਜਾ ਰਿਹਾ ਹੈ, ਜਿਹੜੀ ਕਿ ਉਨ੍ਹਾਂ ਦੀ ਹੋਂਦ ਦੇ ਖ਼ਤਰੇ ਨੂੰ ਜ਼ਾਹਿਰ ਕਰਦਾ ਹੈ।
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਹਰਜਿੰਦਰ ਸਿੰਘ ਅਤੇ ਕੋਆਰਡੀਨੇਟਰ ਹਿੰਮਤ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਨ ਕਾਂਗਰਸ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਅਫਗਾਨਿਸਤਾਨ ‘ਚ ਰਹਿ ਰਹੇ ਘੱਟ ਗਿਣਤੀ ਦੇ ਭਾਈਚਾਰੇ ਦੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਅਤੇ ਹੋਰ ਕਾਂਗਰਸਮੈਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਅਫਗਾਨਿਸਤਾਨ ‘ਚ ਸਿੱਖਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਸੀ, ਜਿਹੜੀ ਕਿ ਲਗਾਤਾਰ ਵੱਧ ਰਹੇ ਤਸ਼ੱਦਦ ਕਰਕੇ ਘਟਦੇ-ਘਟਦੇ ਹੁਣ ਹਜ਼ਾਰ ਤੋਂ ਘੱਟ ਹੋ ਗਈ ਹੈ। ਉਨ੍ਹਾਂ ਨੇ ਚਿੰਤਾ ਵਿਅਕਤ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਵਿਚ ਕਾਬੁਲ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ‘ਤੇ ਹੋਏ ਇਕ ਅੱਤਵਾਦੀ ਹਮਲੇ ਵਿਚ 27 ਤੋਂ ਵੱਧ ਸਿੱਖਾਂ ਦੀ ਜਾਨ ਚਲੀ ਗਈ ਸੀ। ਇਸ ਦੇ ਇਲਾਵਾ ਉੱਥੇ ਰਹਿ ਰਹੇ ਘੱਟ ਗਿਣਤੀ ਦੇ ਪਰਿਵਾਰਾਂ ਦੀ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ।
ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਚੇਅਰਮੈਨ ਜੌਨ ਗੈਰਾਮੰਡੀ ਅਤੇ ਕੋ-ਚੇਅਰਮੈਨ ਟੀ.ਜੇ. ਕੌਕਸ ਦਾ ਉੱਚੇਚੇ ਤੌਰ ‘ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਿੱਖ ਕਾਕਸ ਦੇ ਮੈਂਬਰ ਅਫਗਾਨਿਸਤਾਨ ‘ਚ ਧਾਰਮਿਕ ਤਸ਼ੱਦਦ ਸਹਿੰਦੇ ਹੋਏ ਰਹਿ ਰਹੇ ਘੱਟ ਗਿਣਤੀਆਂ ਦੇ ਮਸਲੇ ਨੂੰ ਉੱਚੇਚੇ ਤੌਰ ‘ਤੇ ਅਮਰੀਕੀ ਸਦਨ ‘ਚ ਚੁੱਕ ਰਹੇ ਹਨ।  ਅਮਰੀਕੀ ਸਿੱਖ ਬੁਲਾਰੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੇਸ਼ ਕੀਤੇ ਗਏ ਮਤੇ ਵਿਚ ਅਫਗਾਨਿਸਤਾਨ ‘ਚ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਲਈ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਨ੍ਹਾਂ ‘ਤੇ ਹੋ ਰਹੇ ਲਗਾਤਾਰ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ ਗਈ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਤੇ ਨੂੰ ਕਾਂਗਰਸ ਵੁਮੈਨ ਜੈਕੀ ਸਪੀਅਰ, ਕਾਂਗਰਸਮੈਨ ਜੌਨ ਗੈਰਾਮੰਡੀ, ਟੀ.ਜੇ. ਕੋਕਸ, ਜਿਮ ਕੋਸਟਾ, ਐਂਡਰੀ ਕਾਰਸਨ, ਜਿੰਮ ਮੈਕ ਗਵਰਨ, ਸ਼੍ਰੀਮਤੀ ਵੈਟਸਨ ਕੋਲਮੈਨ, ਕਾਂਗਰਸ ਵੁਮੈਨ ਜੋਏ ਲੋਫਗ੍ਰੇਨ ਅਤੇ ਕਾਂਗਰਸ ਮੈਨ ਜੇਮੀ ਰਸਕਿਨ ਨੇ ਪੇਸ਼ ਕੀਤਾ।
ਹਰਪ੍ਰੀਤ ਸਿੰਘ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਮਤੇ ‘ਚ ਦੱਸਿਆ ਗਿਆ ਹੈ ਕਿ ਤਾਲਿਬਾਨ ਵਾਲੀ ਸਾਬਕਾ ਸਰਕਾਰ ਨੇ ਬਾਕਾਇਦਾ ਤੌਰ ‘ਤੇ ਅਫ਼ਗ਼ਾਨਿਸਤਾਨ ‘ਚ ਰਹਿ ਰਹੇ ਸਿੱਖ ਭਾਈਚਾਰੇ ‘ਤੇ ਧਾਰਮਿਕ ਅੱਤਿਆਚਾਰ ਬਹੁਤ ਵੱਧ ਗਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਆਪਣੀ ਪਹਿਚਾਣ ਦੱਸਣ ਵਾਸਤੇ ਪੀਲੇ ਰੰਗ ਦੀ ਪੱਟੀ ਬੰਨ੍ਹਣ ‘ਤੇ ਮਜਬੂਰ ਕਰਦਾ ਸੀ। ਇਨ੍ਹਾਂ ਅਮਰੀਕੀ ਸਿੱਖ ਆਗੂਆਂ ਨੇ ਦੱਸਿਆ ਕਿ ਉਹ ਵਿਧੀਗਤ ਤੌਰ ‘ਤੇ ਅਫ਼ਗਾਨਿਸਤਾਨ ਵਿਚ ਤਸ਼ੱਦਦ ਸਹਿ ਰਹੇ ਸਿੱਖ ਅਤੇ ਹਿੰਦੂ ਘੱਟ ਗਿਣਤੀ ਦੇ ਲੋਕਾਂ ਦੀ ਸੁਰੱਖਿਆ ਲਈ ਅਮਰੀਕੀ ਕਾਂਗਰਸ ਮੈਂਬਰਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹਨ।


Share