ਅਮਰੀਕੀ ਕਾਂਗਰਸ ਨੇ ਜੋਅ ਬਾਈਡੇਨ ਦੀ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਕੀਤੀ ਪੁਸ਼ਟੀ

83
Share

ਫਰਿਜ਼ਨੋ (ਕੈਲੀਫੋਰਨੀਆਂ), 8 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕਾ ਦੀ ਰਾਜਨੀਤੀ ਵਿੱਚ ਰਾਸ਼ਟਰਪਤੀ ਪਦ ਦੀਆਂ ਚੋਣਾਂ ਤੋਂ ਬਾਅਦ ਜੋਅ ਬਾਈਡੇਨ ਦੀ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਪੁਸ਼ਟੀ ਅਖੀਰ ਵਿੱਚ ਕਾਫੀ ਜੱਦੋ ਜਹਿਦ ਤੋਂ ਬਾਅਦ ਕਾਂਗਰਸ ਵੱਲੋਂ ਕਰ ਦਿੱਤੀ ਗਈ ਹੈ। ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਵੀਰਵਾਰ ਦੀ ਸਵੇਰ  ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੋਅ ਬਾਈਡੇਨ ਨੇ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾ ਕੇ, ਅਧਿਕਾਰਤ ਤੌਰ ਤੇ 2020 ਦੀ ਰਾਸ਼ਟਰਪਤੀ ਦੀ ਦੌੜ ਖ਼ਤਮ ਕੀਤੀ ਹੈ।ਮਾਈਕ ਪੈਂਸ ਨੇ ਸਵੇਰੇ 3:41 ਵਜੇ ਅਧਿਕਾਰਤ ਤੌਰ ‘ਤੇ ਬਾਈਡੇਨ ਨੂੰ ਵਿਜੇਤਾ ਘੋਸ਼ਿਤ ਕੀਤਾ। ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਤੋਂ ਬਾਅਦ ਨਵੇਂ ਰਾਸ਼ਟਰਪਤੀ ਵਜੋਂ ਅਧਿਕਾਰਿਤ ਹੋਣ ਤੇ ਜੋਅ ਬਾਈਡੇਨ ਹੁਣ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਬਾਈਡੇਨ ਦੀਆਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪ੍ਰਮਾਣਿਕਤਾ ਨੂੰ ਸੰਸਦ ਮੈਂਬਰਾਂ ਵੱਲੋਂ ਪਹਿਲਾਂ ਮੁਲਤਵੀ ਕਰਨਾਂ ਪਿਆ ਸੀ ਕਿਉਂਕਿ ਟਰੰਪ ਪੱਖੀ ਭੀੜ ਨੇ ਬੁੱਧਵਾਰ ਨੂੰ ਕੈਪੀਟਲ ਦੀ ਇਮਾਰਤ ਵਿੱਚ ਤਬਾਹੀ ਮਚਾ ਦਿੱਤੀ ਸੀ। ਬਾਈਡੇਨ ਦੀ ਜਿੱਤ ਦੀ ਪੁਸ਼ਟੀ ਕਰਨ ਤੋਂ ਪਹਿਲਾਂ, ਏਰੀਜ਼ੋਨਾ ਅਤੇ ਪੈਨਸਿਲਵੇਨੀਆ ਵਿੱਚ ਉਸ ਦੀਆਂ ਜਿੱਤਾਂ ‘ਤੇ ਇਤਰਾਜ਼ ਵੀ ਉਠਾਏ ਗਏ ਸਨ। ਕੈਪੀਟਲ ਵਿੱਚ ਹੋਈ ਹਿੰਸਾ ਦੇ ਨਤੀਜੇ ਵਜੋਂ ਇੱਕ ਔਰਤ ਦੀ ਗੋਲੀ ਚੱਲਣ ਨਾਲ ਮੌਤ ਹੋ ਜਾਣ ਦੇ ਨਾਲ 50 ਤੋਂ ਵੱਧ ਗ੍ਰਿਫਤਾਰੀਆਂ ਅਤੇ ਹੋਰ ਵਿਆਪਕ ਤਬਾਹੀ ਹੋਈ ਹੈ।

Share