ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)-ਅਮਰੀਕਾ ਦੀ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਅਲੈਗਜ਼ੈਂਡਰੀਆ ਓਕਾਸੀਓ ਕਾਰਟੇਜ ਆਪਣੇ ਡੈਮੋਕ੍ਰੇਟਿਕ ਸਾਥੀਆਂ ਨੂੰ ਟਵਿੱਟਰ ਸਿਖਾਏਗੀ। 29 ਸਾਲਾ ਕਾਰਟੇਜ ਸਹਿਯੋਗੀ ਡੈਮੋਕ੍ਰੇਟ ਸੰਸਦ ਮੈਂਬਰ ਜਿਮ ਹਿਮੇਸ ਨਾਲ ਮਿਲ ਕੇ ਇਸ ਸਬੰਧ ‘ਚ ਚਰਚਾ ਕਰੇਗੀ। ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੂੰ ਭੇਜੇ ਗਏ ਨੋਟਿਸ ਦੇ ਹਵਾਲੇ ਨਾਲ ਸੀ.ਐੱਨ.ਐੱਨ. ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਆਪਣੇ ਖੇਤਰ ਦੇ ਲੋਕਾਂ ਨਾਲ ਜੁੜਨ ਲਈ ਟਵਿੱਟਰ ਦੀ ਬਿਹਤਰ ਵਰਤੋਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਕਾਰਟੇਜ ਦੇ ਟਵਿੱਟਰ ਹੈਂਡਲ ‘ਤੇ 24 ਲੱਖ ਫਾਲੋਅਰ ਹਨ। ਇਸ ਮਾਮਲੇ ‘ਚ ਉਨ੍ਹਾਂ ਸਪੀਕਰ ਨੈਂਸੀ ਪੇਲੋਸੀ ਨੂੰ ਵੀ ਪਛਾੜ ਦਿੱਤਾ ਹੈ। ਪੇਲੋਸੀ ਦੇ ਫਾਲੋਅਰਜ਼ ਦੀ ਗਿਣਤੀ 20 ਲੱਖ ਹੈ। ਕਾਰਟੇਜ ਟਵਿੱਟਰ ‘ਤੇ ਅਕਸਰ ਆਪਣੇ ਆਲੋਚਕਾਂ ਨੂੰ ਜਵਾਬ ਦਿੰਦੀ ਰਹਿੰਦੀ ਹੈ। ਉਨ੍ਹਾਂ ਦੇ ਕਈ ਟਵੀਟ ਵਾਇਰਲ ਹੋਏ ਹਨ। ਹਾਲੀਆ ਹੀ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਹ ਡਾਂਸ ਕਰ ਰਹੀ ਸੀ। ਵੀਡੀਓ ਪੋਸਟ ਕਰਨ ਵਾਲੇ ਨੇ ਉਨ੍ਹਾਂ ਨੂੰ ਮੂਰਖ ਦਾ ਨਾਂ ਦਿੱਤਾ ਸੀ। ਇਸ ‘ਤੇ ਜਵਾਬ ਦਿੰਦਿਆਂ ਕਾਰਟੇਜ ਨੇ ਇਕ ਹੋਰ ਵੀਡੀਓ ਪੋਸਟ ਕੀਤਾ, ਜਿਸ ‘ਚ ਉਹ ਆਪਣੇ ਸੰਸਦੀ ਦਫ਼ਤਰ ਸਾਹਮਣੇ ਡਾਂਸ ਕਰ ਰਹੀ ਹੈ। ਇਸ ਵੀਡੀਓ ਨਾਲ ਉਨ੍ਹਾਂ ਲਿਖਿਆ, ‘ਮੈਂ ਸੁਣਿਆ ਹੈ ਕਿ ਰਿਪਬਲਿਕਨ ਲੋਕਾਂ ਨੂੰ ਔਰਤਾਂ ਦਾ ਡਾਂਸ ਕਰਨਾ ਸ਼ਰਮਿੰਦਗੀ ਮਹਿਸੂਸ ਕਰਵਾਉਂਦਾ ਹੈ। ਹੁਣ ਉਨ੍ਹਾਂ ਨੂੰ ਇਕ ਮਹਿਲਾ ਸੰਸਦ ਮੈਂਬਰ ਦਾ ਡਾਂਸ ਵੀ ਵੇਖ ਲੈਣਾ ਚਾਹੀਦਾ ਹੈ।’ ਉਨ੍ਹਾਂ ਦੇ ਇਸ ਵੀਡੀਓ ਨੂੰ ਦੋ ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਗਿਆ। ਉਹ ਟਵਿੱਟਰ ਦੀ ਵਰਤੋਂ ਸਿੱਧੇ ਆਪਣੇ ਖੇਤਰ ਦੇ ਲੋਕਾਂ ਨਾਲ ਸੰਪਰਕ ਸਥਾਪਤ ਕਰਨ ‘ਚ ਵੀ ਕਰਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 18 ਲੱਖ ਫਾਲੋਅਰ ਹਨ।