ਅਮਰੀਕੀ ਉਪ ਰਾਸ਼ਟਰਪਤੀ ਵੱਲੋਂ ਬਿਨਾਂ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ

82
Share

ਵਾਸ਼ਿੰਗਟਨ, 30 ਦਸੰਬਰ (ਪੰਜਾਬ ਮੇਲ)- ਪਿਛਲੀਆਂ 3 ਨਵੰਬਰ ਨੂੰ ਹੋਈਆਂ ਚੋਣਾਂ ’ਚ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ’ਚ ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ’ਚ ਸੰਸਦ ’ਚ ਇਕ ਬਿੱਲ ਪੇਸ਼ ਕੀਤਾ ਜਾਵੇਗਾ। ਜੋਅ ਬਾਇਡਨ ਰਾਸ਼ਟਰਪਤੀ ਅਤੇ ਹੈਰਿਸ ਉਪ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਸਹੁੰ ਚੁੱਕਣਗੇ।
ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਟਵਿੱਟਰ ’ਤੇ ਲਿਖਿਆ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਅਤੇ ਜੋਅ ਬਾਇਡਨ ਦੀ ਪਹਿਲ ਅਮਰੀਕੀ ਲੋਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਉਣ ਦੀ ਹੋਵੇਗੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਪੈਰਿਸ ਜਲਵਾਯੂ ਸਮਝੌਤੇ ਨਾਲ ਅਮਰੀਕਾ ਦੋਬਾਰਾ ਜੁੜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਪੱਖਪਾਤੀ ਕਰਾਰ ਦਿੱਤਾ ਸੀ ਅਤੇ ਇਸ ਨਾਲ ਅਮਰੀਕਾ ਨੂੰ ਵੱਖ ਕਰ ਲਿਆ ਸੀ। ਇਹ ਸਮਝੌਤਾ 2015 ’ਚ ਕੀਤਾ ਗਿਆ ਸੀ। ਹੈਰਿਸ ਨੇ ਟਵਿੱਟਰ ’ਤੇ ਲਿਖਿਆ ਪਹਿਲੇ ਦਿਨ ਤੋਂ ਮੈਂ ਅਤੇ ਬਾਇਡਨ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰਾਂਗੇ। ਅਸੀਂ ਡ੍ਰੀਮਰਸ ਦੀ ਸੁਰੱਖਿਆ ਲਈ ਕਦਮ ਚੁੱਕਾਂਗੇ ਅਤੇ ਬਿਨਾਂ ਕਿਸੇ ਦਸਤਾਵੇਜ਼ ਵਾਲੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੀ ਰੂਪ-ਰੇਖਾ ਨਾਲ ਇਕ ਬਿੱਲ ਸੰਸਦ ਨੂੰ ਭੇਜਾਂਗੇ।
ਅਮਰੀਕਾ ’ਚ ਡ੍ਰੀਮਰਸ ਦਾ ਸੰਬੰਧ ਅਜਿਹੇ ਵਿਦੇਸ਼ੀ ਨੌਜਵਾਨਾਂ ਨਾਲ ਹੁੰਦਾ ਹੈ, ਜੋ ਡਿਵੈੱਲਪਮੈਂਟ, ਰਿਲੀਫ ਐਂਡ ਏਜ਼ੂਕੇਸ਼ਨ ਫਾਰ ਏਲੀਅਨ ਮਾਇਨਰਸ (ਡ੍ਰੀਮ) ਪ੍ਰੋਗਰਾਮ ਦੇ ਯੋਗ ਹੁੰਦਾ ਹੈ। ਇਹ ਪ੍ਰੋਗਰਾਮ ਬਿਨਾਂ ਕਿਸੇ ਦਸਤਾਵੇਜ਼ ਵਾਲੇ ਉਨ੍ਹਾਂ ਲੋਕਾਂ ਨੂੰ ਅਸਥਾਈ ਤੌਰ ’ਤੇ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ, ਜੋ ਬਚਪਨ ’ਚ ਅਮਰੀਕਾ ਆ ਗਏ ਸਨ। ਟਰੰਪ ਪ੍ਰਸ਼ਾਸਨ ਇਸ ਪ੍ਰੋਗਰਾਮ ਨੂੰ ਰੱਦ ਕਰਨਾ ਚਾਹੁੰਦੇ ਸਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ’ਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਡ੍ਰੀਮਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


Share