ਅਮਰੀਕੀ ਇਤਿਹਾਸ ’ਚ ਕਮਲਾ ਹੈਰਿਸ ਬਣੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ

87
Share

-ਅਮਰੀਕੀ ਉਪ ਰਾਸ਼ਟਰਪਤੀ ਅਹੁਦੇ ’ਤੇ ਵਿਰਾਜਮਾਨ ਹੋਣ ਵਾਲੀ ਪਹਿਲੀ ਗੈਰ-ਗੈਰੀ ਅਮਰੀਕੀ ਮਹਿਲਾ ਬਣੀ

ਵਾਸ਼ਿੰਗਟਨ, (ਪੰਜਾਬ ਮੇਲ)- ਕਮਲਾ ਹੈਰਿਸ ਅਮਰੀਕਾ ਦੇ ਇਤਿਹਾਸ ’ਚ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ। ਉਸ ਨੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 56 ਸਾਲਾ ਕਮਲਾ ਹੈਰਿਸ ਦੇ ਨਾਮ ਨਾਲ ਕਈ ਖਿਤਾਬ ਜੁੜ ਗਏ ਹਨ। ਉਹ ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜੋ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਦੇ ਉਪ ਰਾਸ਼ਟਰਪਤੀ ਅਹੁਦੇ ’ਤੇ ਵਿਰਾਜਮਾਨ ਹੋਈ ਹੈ।
ਇਤਿਹਾਸ ਰਚਣ ਵਾਲੀ ਕੈਲੀਫੋਰਨੀਆ ਦੇ ਓਕਲੈਂਡ ਵਿਚ ਜੰਮੀ ਕਮਲਾ ਹੈਰਿਸ ਦੀ ਮਾਂ ਭਾਰਤੀ ਸੀ ਅਤੇ ਉਨ੍ਹਾਂ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮਾਂ ਸ਼ਿਯਾਮਲਨ ਗੋਪਾਲਨ ਦਾ ਜਨਮ ਚੇਨੱਈ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਡੋਨਾਲਡ ਹੈਰਿਸ ਸੀ। ਗੌਰਤਲਬ ਹੈ ਕਿ ਅਮਰੀਕਾ ’ਚ ਰੰਗ ਅਤੇ ਨਸਲ ਦੇ ਆਧਾਰ ’ਤੇ ਭੇਦਭਾਵ ਦਾ ਇਤਿਹਾਸ ਵੀ ਰਿਹਾ ਹੈ ਅਤੇ ਕੁਝ ਹੱਦ ਤੱਕ ਹੁਣ ਵੀ ਇਹ ਹੈ। ਹਾਲਾਂਕਿ 1960 ਦੇ ਦਹਾਕੇ ਦੇ ਉਸ ਡਰਾਉਣੇ ਦੌਰ ਤੋਂ ਬਹੁਤ ਅੱਗੇ ਆ ਚੁੱਕਾ ਹੈ, ਜਦੋਂ ਗੈਰ-ਗੋਰੇ ਲੋਕਾਂ ਨੂੰ ਰੰਗ ਅਤੇ ਨਸਲ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਜਾਂਦਾ ਸੀ। ਅਮਰੀਕਾ ’ਚ ਨਸਲੀ ਅਤੇ ਰੰਗ ਭੇਦਭਾਵ ਵਿਚ ਆਈ ਕਮੀ ਦਾ ਸਭ ਤੋਂ ਵੱਡਾ ਉਦਾਹਰਣ ਸਾਲ 2008 ’ਚ ਦਿੱਸਿਆ, ਜਦੋਂ ਇਕ ਗੈਰ-ਗੋਰੇ ਅਮਰੀਕੀ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ।


Share