ਅਮਰੀਕੀ ਆਰਥਿਕਤਾ ਦੀ ਉਸਾਰੀ ਨਾਲ ਇਕ ਨਵਾਂ ਅਧਿਆਏ ਲਿਖਣ ਦੀ ਕਰਾਂਗੇ ਸ਼ੁਰੂਆਤ : ਕਮਲਾ ਹੈਰਿਸ

62
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਹ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ਦੇ ਇਤਿਹਾਸ ਦਾ ਇਕ ਨਵਾਂ ਅਧਿਆਏ ਲਿਖਣ ਨੂੰ ਤਿਆਰ ਹਨ ਅਤੇ ਇਸ ਦੀ ਸ਼ੁਰੂਆਤ ਉਹ ਕੰਮਕਾਜੀ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਵਾਲੀ ਆਰਥਿਕਤਾ ਦੀ ਉਸਾਰੀ ਕਰਨ ਨਾਲ ਕਰਨਗੇ। ਬਾਇਡਨ ਦੇ ਦਲ ਵਲੋਂ ਐਤਵਾਰ ਨੂੰ ਵੈੱਬਸਾਈਟ ‘ਤੇ ਜਾਰੀ ਕੀਤੀ ਗਈ ਸੂਚੀ ‘ਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣਾ, ਆਰਥਿਕਤਾ ਨੂੰ ਬਿਹਤਰ ਬਣਾਉਣਾ, ਨਸਲੀ ਸਮਾਨਤਾ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦੇ ਉਨ੍ਹਾਂ ਦੀਆਂ ਮੁੱਢਲੀਆਂ ਚਾਰ ਪਹਿਲਾਂ ਵਿਚੋਂ ਹਨ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕੋਰੋਨਾ ਦੀ ਵੈਕਸੀਨ ਲੋਕਾਂ ਕੋਲ ਮੁਹੱਈਆ ਹੋਣ ਤੱਕ ਦੇਸ਼ ‘ਚ ਹੋਰ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਦੇਸ਼ ‘ਚ ਔਸਤਨ ਰੋਜ਼ਾਨਾ 1000 ਲੋਕਾਂ ਦੀ ਮੌਤ ਹੋ ਰਹੀ ਹੈ।
ਉੱਥੇ ਹੀ, ਡੋਨਾਲਡ ਟਰੰਪ ਨੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐੱਫ.ਡੀ.ਏ.) ਅਤੇ ਦਵਾਈ ਕੰਪਨੀ ਫਾਈਜਰ ‘ਤੇ ਕੋਵਿਡ-19 ਟੀਕੇ ਦਾ ਐਲਾਨ ਰੋਕਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਟੀਕੇ ਦਾ ਐਲਾਨ ਨਹੀਂ ਕੀਤਾ ਗਿਆ ਕਿਉਂਕਿ ਇਸ ਨਾਲ ਉਨ੍ਹਾਂ ਦੀ ਜਿੱਤ ਹੋ ਸਕਦੀ ਸੀ।


Share