ਅਮਰੀਕੀ ਅਰਥ-ਵਿਵਸਥਾ ‘ਚ ਅਹਿਮ ਯੋਗਦਾਨ ਲਈ ਟਰੰਪ ਨੇ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ

ਵਾਸ਼ਿੰਗਟਨ, 26 ਅਕਤੂਬਰ (ਪੰਜਾਬ ਮੇਲ)-ਅਮਰੀਕੀ ਅਰਥ-ਵਿਵਸਥਾ ਵਿਚ ਅਹਿਮ ਯੋਗਦਾਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਦੋ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ। ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ ਵਿਚ ਸਨਮਾਨਿਤ ਹੋਣ ਵਾਲਿਆਂ ਵਿਚ ਅਮਰੀਕੀ ਕਾਰੋਬਾਰੀ ਜਗਤ ਦੇ ਹੋਰ ਸੱਤ ਲੋਕਾਂ ਦੇ ਨਾਲ ਸ਼ਰਦ ਠੱਕਰ ਅਤੇ ਕਰਨ ਅਰੋੜਾ ਵੀ ਸਨ। ਵਡੋਦਰਾ ਦੇ ਮੂਲ ਨਿਵਾਸੀ ਠੱਕਰ ਪਾਲੀਮਰ ਟੈਕਨਾਲੋਜੀਜ਼ ਦੇ ਪ੍ਰੈਜ਼ੀਡੈਂਟ ਹਨ। ਇਹ ਕੰਪਨੀ ਸਰਬੋਤਮ ਐਨਰਜੀ ਫਰਮ ਦਾ ਪੁਰਸਕਾਰ ਵੀ ਜਿੱਤ ਚੁੱਕੀ ਹੈ। ਉਥੇ ਅਰੋੜਾ ਨੈਚੁਰਲ ਵਿਟਾਮਿਨ ਲੈਬ ਦੇ ਨਿਰਦੇਸ਼ਕ ਹਨ। ਇਸ ਕੰਪਨੀ ਦੀ ਸਾਲ ਦੀ ਸਰਬੋਤਮ ਲਘੂ ਨਿਰਯਾਤ ਕੰਪਨੀ ਦੇ ਰੂਪ ਵਿਚ ਚੋਣ ਕੀਤੀ ਗਈ ਸੀ। ਅਰੋੜਾ ਨੇ ਕਿਹਾ ਕਿ ਡੋਨਲਡ ਟਰੰਪ ਦੀਆਂ ਨੀਤੀਆਂ ਨਾਲ ਅਮਰੀਕਾ ਦੇ ਨਿਰਮਾਣ ਖੇਤਰ ਵਿਚ ਫਿਰ ਤੇਜ਼ੀ ਆ ਰਹੀ ਹੈ। ਰਾਸ਼ਟਰਪਤੀ ਦੇ ਟੈਕਸ ਸਬੰਧੀ ਸੁਧਾਰਾਂ ਤੋਂ ਕਾਰੋਬਾਰੀ ਜਗਤ ਵਿਚ ਹੋਰ ਪੈਸਾ ਆਵੇਗਾ। ਉਥੇ ਠੱਕਰ ਦਾ ਕਹਿਣਾ ਸੀ ਕਿ ਭਾਰਤੀ-ਅਮਰੀਕੀ ਭਾਈਚਾਰੇ ਦਾ ਅਮਰੀਕਾ ਦੀ ਅਰਥ-ਵਿਵਸਥਾ ਵਿਚ ਵੱਡਾ ਯੋਗਦਾਨ ਰਿਹਾ ਹੈ। ਠੱਕਰ ਅਤੇ ਅਰੋੜਾ ਵਿਦਿਆਰਥੀ ਦੇ ਰੂਪ ਵਿਚ ਅਮਰੀਕਾ ਆਏ ਸਨ। ਇਸ ਪਿੱਛੋਂ ਦੋਹਾਂ ਨੇ ਗ੍ਰੀਨ ਕਾਰਡ ਨਾਲ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਠੱਕਰ ਅਤੇ ਅਰੋੜਾ ਨੂੰ ਸਨਮਾਨ ਦੇਣ ਪਿੱਛੋਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਾਰੋਬਾਰੀਆਂ ‘ਤੇ ਮਾਣ ਹੈ। ਇਨ੍ਹਾਂ ਦੀਆਂ ਕੰਪਨੀਆਂ ਅਮਰੀਕਾ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ।