ਅਮਰੀਕੀਆਂ ਵਲੋਂ ਪ੍ਰਗਟਾਏ ਭਰੋਸੇ ਅਤੇ ਵਿਸ਼ਵਾਸ ‘ਤੇ ਸਾਨੂੰ ਮਾਣ: ਬਾਇਡਨ

63
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਡੈਮੋਕ੍ਰੈਟਿਕ ਪਾਰਟੀ ਦੇ ਜੋਸੇਫ ਆਰ. ਬਾਇਡਨ ਨੇ ਕਿਹਾ ਕਿ ਉਹ ਅਮਰੀਕੀਆਂ ਵਲੋਂ ਉਨ੍ਹਾਂ ਵਿਚ ਪ੍ਰਗਟਾਏ ਭਰੋਸੇ ਨਾਲ ਮਾਣ ਮਹਿਸੂਸ ਕਰਦੇ ਹਨ। ਬਾਇਡਨ ਨੇ ਟਵਿੱਟਰ ‘ਤੇ ਲਿਖਿਆ, ”ਅਮਰੀਕੀ ਲੋਕਾਂ ਵਲੋਂ ਪ੍ਰਗਟਾਏ ਭਰੋਸੇ ਨਾਲ ਮੈਂ ਅਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰਦੇ ਹਾਂ। ਏਨੀਆਂ ਅਣਕਿਆਸੀਆਂ ਮੁਸ਼ਕਲਾਂ ਦੇ ਦੌਰ ‘ਚ ਅਮਰੀਕੀਆਂ ਨੇ ਰਿਕਾਰਡ ਵੋਟਾਂ ਪਾਈਆਂ।” ਉਨ੍ਹਾਂ ਲਿਖਿਆ, ”ਚੋਣ ਮੁਕੰਮਲ ਹੋਣ ਨਾਲ ਹੁਣ ਸਮਾਂ ਹੈ ਕਿ ਇੱਕ ਰਾਸ਼ਟਰ ਵਜੋਂ ਇਕੱਠੇ ਹੋ ਕੇ ਅਸੀਂ ਆਪਣੇ ਗੁੱਸੇ-ਗਿਲਿਆਂ ਅਤੇ ਬੀਤੀਆਂ ਦੁਸ਼ਵਾਰੀਆਂ ਨੂੰ ਪਿੱਛੇ ਛੱਡੀਏ। ਇਹ ਅਮਰੀਕਾ ਦੇ ਇਕਜੁੱਟ ਹੋਣ ਅਤੇ ਸੰਭਲਣ ਦਾ ਸਮਾਂ ਹੈ।”
ਬਾਇਡਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਇਕ ਅਜਿਹਾ ਰਾਸ਼ਟਰਪਤੀ ਬਣਾਂਗਾ, ਜੋ ਵੰਡੇਗਾ ਨਹੀਂ, ਸਗੋਂ ਲੋਕਾਂ ਨੂੰ ਇਕਜੁੱਟ ਕਰੇਗਾ।” ਕਮਲਾ ਹੈਰਿਸ ਨੇ ਕਿਹਾ, ”ਅਮਰੀਕੀ ਨਾਗਰਿਕਾਂ ਨੇ ਇਕ ਨਵੇਂ ਦਿਨ ਦੀ ਸ਼ੁਰੂਆਤ ਕੀਤੀ ਹੈ।” ਬਾਇਡਨ ਨੇ ਸ਼ਨੀਵਾਰ ਰਾਤ ਜਿੱਤ ਦੇ ਬਾਅਦ ਆਪਣੇ ਭਾਸ਼ਣ ‘ਚ ਕਿਹਾ, ”ਮੈਂ ਇਕ ਅਜਿਹਾ ਰਾਸ਼ਟਰਪਤੀ ਬਣਨ ਦਾ ਸੰਕਲਪ ਲੈਂਦਾ ਹਾਂ, ਜੋ ਵੰਡਣ ਦੀ ਨਹੀਂ, ਸਗੋਂ ਇਕਜੁੱਟ ਕਰਨ ਦੀ ਕੋਸ਼ਿਸ਼ ਕਰੇਗਾ, ਜੋ ਡੈਮੋਕ੍ਰੈਟ ਰਾਜਾਂ ਅਤੇ ਰਿਪਬਲਿਕਨ ਰਾਜਾਂ ਵਿਚ ਫਰਕ ਨਹੀਂ ਕਰੇਗਾ, ਸਗੋਂ ਪੂਰੇ ਅਮਰੀਕਾ ਨੂੰ ਇਕ ਨਜ਼ਰ ਨਾਲ ਦੇਖੇਗਾ। ਉਹ ਇਕ ਅਜਿਹੇ ਰਾਸ਼ਟਰਪਤੀ ਹੋਣਗੇ, ਜੋ ਅਮਰੀਕਾ ਦੇ ਰਾਜਾਂ ਨੂੰ ਲਾਲ ਅਤੇ ਬਲੂ ਦੇ ਰੂਪ ਵਿਚ ਨਹੀਂ ਦੇਖਣਗੇ, ਸਗੋਂ ਸੰਯੁਕਤ ਰਾਜ ਅਮਰੀਕਾ ਦੇ ਰੂਪ ਵਿਚ ਦੇਖਣਗੇ। ਉਹ ਪੂਰੀ ਸਮਰੱਥਾ ਅਤੇ ਲਗਨ ਨਾਲ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰਨਗੇ। ਇਹ ਅਮਰੀਕਾ ‘ਚ ਜ਼ਖਮਾਂ ਨੂੰ ਭਰਨ ਦਾ ਸਮਾਂ ਹੈ।
ਬਾਇਡਨ ਨੇ ਅੱਗੇ ਕਿਹਾ, ”ਅਮਰੀਕਾ ਵਿਚ ਲੋਕ ਖੁੱਲ੍ਹ ਕੇ ਸਾਹਮਣੇ ਆਏ ਅਤੇ ਉਨ੍ਹਾਂ ਨੇ ਸਾਨੂੰ ਇਕ ਸਪਸ਼ੱਟ ਜਿੱਤ ਦਿਵਾਈ। ਇਹ ਜਿੱਤ ਸਾਡੇ ਸਾਰਿਆਂ ਲਈ ਹੈ। ਅਸੀਂ ਅਮਰੀਕਾ ਦੇ ਇਤਿਹਾਸ ‘ਚ ਰਾਸ਼ਟਰਪਤੀ ਅਹੁਦੇ ਦੇ ਲਈ ਮਿਲੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇੱਥੇ ਦੱਸ ਦਈਏ ਕਿ ਬਾਇਡਨ ਦੇ ਲਈ 7.5 ਕਰੋੜ ਲੋਕਾਂ ਨੋ ਵੋਟ ਕੀਤੀ।
ਬਾਇਡਨ ਨੇ ਕਿਹਾ, ”ਤੁਸੀਂ ਸਾਰਿਆਂ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਨੂੰ ਵੋਟ ਦਿੱਤਾ, ਮੈਂ ਤੁਹਾਡੀ ਨਿਰਾਸ਼ਾ ਨੂੰ ਸਮਝਦਾ ਹਾਂ। ਹੁਣ ਅਸੀਂ ਇਕ-ਦੂਜੇ ਨੂੰ ਮੌਕਾ ਦਿੰਦੇ ਹਾਂ। ਇਹ ਸਮਾਂ ਹੈ, ਜਦੋਂ ਸਾਨੂੰ ਆਪਣੀ ਸਖਤ ਬਿਆਨਬਾਜ਼ੀ ਨੂੰ ਦੂਰ ਕਰਨਾ ਹੋਵੇਗਾ। ਗੁੱਸੇ ਨੂੰ ਕੰਟਰੋਲ ਕਰਨਾ ਹੋਵੇਗਾ। ਇਹ ਸਮਾਂ ਇਕ-ਦੂਜੇ ਨੂੰ ਸੁਣਨ ਦਾ ਹੈ।”
ਜਿੱਤ ਦੇ ਬਾਅਦ ਕਮਲਾ ਹੈਰਿਸ ਨੇ ਅਮਰੀਕੀਆਂ ਦਾ ਧੰਨਵਾਦ ਕੀਤਾ। ਹੈਰਿਸ ਨੇ ਕਿਹਾ, ”ਸਾਡੇ ਕੋਲ ਬਿਹਤਰ ਭਵਿੱਖ ਬਣਾਉਣ ਦੀ ਸ਼ਕਤੀ ਹੈ। ਤੁਹਾਡਾ ਸਾਰੇ ਅਮਰੀਕੀ ਲੋਕਾਂ ਦਾ ਧੰਨਵਾਦ ਕਿ ਤੁਸੀਂ ਸਾਡੇ ‘ਤੇ ਵਿਸ਼ਵਾਸ ਕੀਤਾ।”


Share