ਅਮਰੀਕਾ ਵੱਲੋਂ 8 ਨਵੰਬਰ ਤੋਂ ਕੋਰੋਨਾ ਵੈਕਸੀਨ ਲੱਗੇ ਵਿਦੇਸ਼ੀ ਯਾਤਰੀਆਂ ਲਈ ਪਾਬੰਦੀਆਂ ਹੋਣਗੀਆਂ ਖਤਮ

253
Share

ਫਰਿਜ਼ਨੋ (ਕੈਲੀਫੋਰਨੀਆ), 16 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)-ਅਮਰੀਕਾ ਵਿੱਚ ਵਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ ਵਾਈਟ ਹਾਊਸ ਵੱਲੋਂ ਪੂਰੀ ਕੋਰੋਨਾ ਵੈਕਸੀਨ ਲੱਗੇ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਪਾਬੰਦੀਆਂ ਨੂੰ ਖਤਮ ਕਰਨ ਸਬੰਧੀ ਘੋਸ਼ਣਾ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਇਸ ਘੋਸ਼ਣਾ ਅਨੁਸਾਰ ਅਮਰੀਕਾ ਵੱਲੋਂ 8 ਨਵੰਬਰ ਤੋਂ ਜ਼ਮੀਨੀ ਸਰਹੱਦਾਂ ਅਤੇ ਹਵਾਈ ਯਾਤਰਾ ਲਈ ਪੂਰੀ ਤਰ੍ਹਾਂ ਕੋਰੋਨਾ ਟੀਕਾ ਲੱਗੇ ਹੋਏ ਵਿਦੇਸ਼ੀ ਨਾਗਰਿਕਾਂ ਲਈ ਯਾਤਰਾ ਪਾਬੰਦੀਆਂ ਹਟਾਈਆਂ ਜਾਣਗੀਆਂ। ਅਮਰੀਕਾ ਵਿੱਚ ਕੋਵਿਡ -19 ਮਹਾਂਮਾਰੀ ਤੋਂ ਸੁਰੱਖਿਆ ਕਰਨ  ਲਈ ਜ਼ਮੀਨੀ ਸਰਹੱਦਾਂ ‘ਤੇ ਗੈਰ-ਜ਼ਰੂਰੀ ਯਾਤਰੀਆਂ ‘ਤੇ ਰੋਕ ਮਾਰਚ 2020 ਤੋਂ ਲਾਗੂ ਹੈ ਅਤੇ ਅਮਰੀਕਾ ਨੇ ਪਹਿਲੀ ਵਾਰ 2020 ਦੇ ਅਰੰਭ ਵਿੱਚ ਚੀਨ ਦੇ ਹਵਾਈ ਯਾਤਰੀਆਂ ‘ਤੇ ਪਾਬੰਦੀ ਲਗਾਈ ਗਈ ਸੀ ਅਤੇ ਇਹ ਪਾਬੰਦੀ ਉਸਦੇ ਬਾਅਦ 30 ਤੋਂ ਵੱਧ ਹੋਰ ਦੇਸ਼ਾਂ ਤੱਕ ਵਧਾਈ ਗਈ ਸੀ। ਇਸ ਸਬੰਧੀ ਵਾਈਟ ਹਾਊਸ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਅਮਰੀਕਾ ਵੱਲੋਂ ਨਵੰਬਰ ਦੇ ਅਰੰਭ ਵਿੱਚ ਪੂਰੀ ਤਰ੍ਹਾਂ ਟੀਕਾ ਲਗਾਏ ਗਏ ਵਿਦੇਸ਼ੀ ਨਾਗਰਿਕਾਂ ਲਈ ਆਪਣੀਆਂ ਜ਼ਮੀਨੀ ਸਰਹੱਦਾਂ ਅਤੇ ਕੈਨੇਡਾ ਅਤੇ ਮੈਕਸੀਕੋ ਨਾਲ ਫੈਰੀ ਕ੍ਰਾਸਿੰਗਾਂ ‘ਤੇ ਪਾਬੰਦੀਆਂ ਹਟਾਈਆਂ ਜਾਣਗੀਆਂ। ਜਦਕਿ ਬਿਨਾਂ ਟੀਕਾਕਰਨ ਦੇ ਆਉਣ ਵਾਲੇ ਯਾਤਰੀਆਂ ਨੂੰ ਅਜੇ ਵੀ ਜ਼ਮੀਨੀ ਸਰਹੱਦਾਂ ‘ਤੇ ਕੈਨੇਡਾ ਜਾਂ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਇਸਦੇ ਇਲਾਵਾ ਵਾਈਟ ਹਾਊਸ ਨੇ 20 ਸਤੰਬਰ ਨੂੰ ਘੋਸ਼ਣਾ ਕੀਤੀ ਸੀ ਕਿ ਅਮਰੀਕਾ ਨਵੰਬਰ ਦੇ ਸ਼ੁਰੂ ਵਿੱਚ ਚੀਨ, ਭਾਰਤ, ਬ੍ਰਾਜ਼ੀਲ ਅਤੇ ਜ਼ਿਆਦਾਤਰ ਯੂਰਪ ਸਮੇਤ 33 ਦੇਸ਼ਾਂ ਦੇ ਹਵਾਈ ਯਾਤਰੀਆਂ ਤੋਂ ਪਾਬੰਦੀਆਂ ਹਟਾ ਦੇਵੇਗਾ ਪਰ ਇਸ ਨੇ ਉਸ ਸਮੇਂ ਸਹੀ ਤਾਰੀਖ ਦਾ ਖੁਲਾਸਾ ਨਹੀਂ ਕੀਤਾ ਸੀ।
ਇਸਦੇ ਨਾਲ ਹੀ ਗੈਰ-ਯੂ.ਐਸ.  ਹਵਾਈ ਯਾਤਰੀਆਂ ਨੂੰ ਉਡਾਣ ਵਿੱਚ ਚੜ੍ਹਨ ਤੋਂ ਪਹਿਲਾਂ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੋਵੇਗੀ, ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਕੀਤਾ ਹੋਇਆ ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦਿਖਾਉਣ ਦੀ ਵੀ  ਜ਼ਰੂਰਤ ਹੋਵੇਗੀ।  ਹਾਲਾਂਕਿ ਜ਼ਮੀਨੀ ਸਰਹੱਦ ਪਾਰ ਕਰਨ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ  ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

Share