ਅਮਰੀਕਾ ਵੱਲੋਂ ਰੂਸੀ ਅਧਿਕਾਰੀਆਂ ਤੇ ਕਾਰੋਬਾਰਾਂ ’ਤੇ ਪਾਬੰਦੀ ਲਾਉਣ ਦਾ ਐਲਾਨ

56
Share

ਵਾਸ਼ਿੰਗਟਨ, 3 ਮਾਰਚ (ਪੰਜਾਬ ਮੇਲ)- ਅਮਰੀਕਾ ’ਚ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਨਵਲਨੀ ’ਤੇ ਜਾਨਲੇਵਾ ਹਮਲੇ ਅਤੇ ਬਾਅਦ ’ਚ ਉਨ੍ਹਾਂ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਰੂਸ ਦੇ ਅਧਿਕਾਰੀਆਂ ਅਤੇ ਕਾਰੋਬਾਰਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਬਾਇਡਨ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਰੂਸ ’ਤੇ ਪਾਬੰਦੀ ਲਾਈ ਗਈ ਹੈ। ਪ੍ਰਸ਼ਾਸਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾਵਾਂ ’ਤੇ ਕਥਿਤ ਹਮਲੇ, ਅਮਰੀਕੀ ਏਜੰਸੀਆਂ ਅਤੇ ਕਾਰੋਬਾਰਾਂ ਨੂੰ ਹੈਕ ਕਰਨ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਕਾਬਲਾ ਕਰਨ ਦਾ ਸੰਕਲਪ ਲਿਆ ਹੋਇਆ ਹੈ। ਈ.ਯੂ. ਪਹਿਲਾਂ ਹੀ ਨਵਲਨੀ ਮਾਮਲੇ ’ਚ ਰੂਸ ਦੇ ਕੁਝ ਅਧਿਕਾਰੀਆਂ ’ਤੇ ਪਾਬੰਦੀ ਲਾ ਚੁੱਕਿਆ ਹੈ। ਈ.ਯੂ. ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ, ਜਿਨ੍ਹਾਂ ’ਚ ਨਵਲਨੀ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਰੂਸ ਦੇ ਆਲਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਫਸਰਾਂ ਨੇ ਉਨ੍ਹਾਂ ਅਧਿਕਾਰੀਆਂ ਦੀ ਤੁਰੰਤ ਪਛਾਣ ਨਹੀਂ ਦੱਸੀ, ਜਿਨ੍ਹਾਂ ’ਤੇ ਪਾਬੰਦੀ ਲਾਈ ਗਈ ਹੈ।
ਬਾਇਡਨ ਪ੍ਰਸ਼ਾਸਨ ਨੇ ਅਮਰੀਕੀ ਕੈਮਿਕਲ ਐਂਡ ਬਾਇਓਲਾਜੀਕਲ ਆਰਮਜ਼ ਕੰਟਰੋਲ ਐਂਡ ਵਾਰ ਐਲੀਮੀਨੇਸ਼ਨ ਐਕਟ ਤਹਿਤ ਉੱਦਮਿਆਂ ’ਤੇ ਵੀ ਪਾਬੰਦੀ ਦਾ ਐਲਾਨ ਕੀਤਾ। ਇਨ੍ਹਾਂ ’ਚੋਂ ਜ਼ਿਆਦਾਤਰ ਜੈਵਿਕ ਰਸਾਇਣ ਜ਼ਹਿਰ ਬਣਾਉਂਦੇ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਖੁਫੀਆ ਗਰੁੱਪ ਦਾ ਸਿੱਟਾ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਪਿਛਲੇ ਸਾਲ ਅਗਸਤ ’ਚ ਅਸੰਤੁਸ਼ਟਾਂ ’ਤੇ ਰੂਸੀ ਨਰਵ ਏਜੰਟ (ਇਕ ਤਰ੍ਹਾਂ ਦਾ ਜ਼ਹਿਰ) ‘ਨੋਵਿਚੋਕ’ ਦਾ ਇਸਤੇਮਾਲ ਕੀਤਾ ਹੈ।

Share