ਅਮਰੀਕਾ ਵੱਲੋਂ ਭਾਰਤ ’ਤੇ ਸੰਭਾਵੀ ਪਾਬੰਦੀ ਤੋਂ ਛੋਟ ਦੇਣ ਬਾਰੇ ਅਮਰੀਕਾ ਨੇ ਹਾਲੇ ਨਹੀਂ ਲਿਆ ਕੋਈ ਫੈਸਲਾ

205
Share

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)-ਰੂਸ ਤੋਂ ਮਿਜ਼ਾਈਲਾਂ ਖ਼ਰੀਦਣ ’ਤੇ ਭਾਰਤ ਨੂੰ ਸੰਭਾਵੀ ਪਾਬੰਦੀ ਤੋਂ ਛੋਟ ਦੇਣ ਬਾਰੇ ਅਮਰੀਕਾ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਐੱਸ-400 ਮਿਜ਼ਾਈਲਾਂ ਦਾ ਰੂਸ ਨਾਲ ਸੌਦਾ ਕੀਤਾ ਸੀ। ਇਸ ਕਾਰਨ ਅਮਰੀਕਾ, ਭਾਰਤ ’ਤੇ ਇਕ ਵਿਸ਼ੇਸ਼ ਐਕਟ ਤਹਿਤ ਪਾਬੰਦੀ ਲਾ ਸਕਦਾ ਹੈ। ਬਾਈਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਕਾਨੂੰਨ ਵਿਚ ਅਜਿਹੀ ਕੋਈ ਮੱਦ ਨਹੀਂ ਹੈ ਜਿਸ ਤਹਿਤ ਕਿਸੇ ਮੁਲਕ ਵਿਸ਼ੇਸ਼ ਨੂੰ ਛੋਟ ਦਿੱਤੀ ਜਾ ਸਕੇ। ਭਾਰਤ ਨੂੰ ਇਨ੍ਹਾਂ ਮਿਜ਼ਾਈਲਾਂ ਦੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ। ਚੋਟੀ ਦੇ ਰਿਪਬਲਿਕਨ ਤੇ ਡੈਮੋਕ੍ਰੈਟਿਕ ਸੰਸਦ ਮੈਂਬਰ ਮੰਗ ਕਰ ਰਹੇ ਹਨ ਕਿ ਇਸ ਖ਼ਰੀਦ ਲਈ ਭਾਰਤ ਉਤੇ ‘ਸੀ. ਏ. ਏ. ਟੀ. ਐੱਸ. ਏ.’ ਤਹਿਤ ਪਾਬੰਦੀ ਨਾ ਲਾਈ ਜਾਵੇ। ਇਹ ਕਾਨੂੰਨ ਅਮਰੀਕੀ ਕਾਂਗਰਸ ਨੇ 2017 ਵਿਚ ਪਾਸ ਕੀਤਾ ਸੀ। ਇਸ ਤਹਿਤ ਅਮਰੀਕਾ, ਰੂਸ ਨਾਲ ਰੱਖਿਆ ਅਤੇ ਖ਼ੁਫ਼ੀਆ ਖੇਤਰ ਵਿਚ ਲੈਣ-ਦੇਣ ਕਰਨ ਵਾਲੇ ਮੁਲਕ ਉਤੇ ਪਾਬੰਦੀ ਲਾ ਸਕਦਾ ਹੈ।¿;
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਉਹ ਭਾਰਤ ਨਾਲ ‘ਆਪਣੇ ਰਣਨੀਤਕ ਰਿਸ਼ਤਿਆਂ’ ਦੀ ਕਦਰ ਕਰਦੇ ਹਨ ਪਰ ਕਾਨੂੰਨ ਵਿਚ ਅਜਿਹਾ ਕੁਝ ਨਹੀਂ ਹੈ ਜਿਸ ਤਹਿਤ ਛੋਟ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿਆਪਕ ਤੌਰ ਉਤੇ ਇਹੀ ਕਹਿ ਸਕਦਾ ਹੈ ਕਿ ਸਾਡੇ ਸਾਰੇ ਸਾਥੀਆਂ ਨੂੰ ਰੂਸ ਨਾਲ ਅਜਿਹੇ ਲੈਣ-ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Share