ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)-ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਚੀਨ ਵਿਰੁੱਧ ਹੋਰ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਭਾਵੇਂਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਨ੍ਹਾਂ ਕਦਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਫੈਲਣ ਦੇ ਬਾਅਦ ਤੋਂ ਅਮਰੀਕਾ ਅਤੇ ਚੀਨ ਵਿਚਾਲੇ ਸਬੰਧਾਂ ਵਿਚ ਤਣਾਅ ਬਹੁਤ ਵਧ ਗਿਆ ਹੈ। ਕੋਵਿਡ-19 ਨੂੰ ਲੈ ਕੇ ਟਰੰਪ ਨੇ ਚੀਨ ‘ਤੇ ਕਈ ਦੋਸ਼ ਲਾਏ ਹਨ।
ਹਾਂਗਕਾਂਗ ਵਿਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਸਬੰਧੀ ਵੀ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚ ਤਣਾਅ ਦੇ ਹੋਰ ਮੁੱਦੇ ਅਮਰੀਕੀ ਪੱਤਰਕਾਰਾਂ ‘ਤੇ ਪਾਬੰਦੀ, ਉਈਗਰ ਮੁਸਲਮਾਨਾਂ ਪ੍ਰਤੀ ਚੀਨ ਦਾ ਵਤੀਰਾ ਅਤੇ ਤਿੱਬਤ ਵਿਚ ਉਸ ਦੇ ਕਦਮ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ”ਕੁਝ ਕਦਮ ਚੁੱਕੇ ਜਾਣਗੇ ਜੋ ਚੀਨ ਨਾਲ ਸਬੰਧਤ ਹੋਣਗੇ। ਮੈਂ ਇਸ ਦੀ ਪੁਸ਼ਟੀ ਕਰ ਸਕਦੀ ਹਾਂ।”
ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਿਦੇਸ਼ ਮੰਤਰੀ ਸਮੇਤ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਹਾਲ ਹੀ ਵਿਚ ਅਜਿਹੇ ਬਿਆਨ ਦਿੱਤੇ ਸਨ, ਜਿਨ੍ਹਾਂ ਤੋਂ ਸੰਕੇਤ ਮਿਲਦੇ ਹਨ ਕਿ ਰਾਸ਼ਟਰਪਤੀ ਆਉਣ ਵਾਲੇ ਦਿਨਾਂ ਵਿਚ ਚੀਨ ਵਿਰੁੱਧ ਕੁਝ ਹੋਰ ਕਦਮ ਚੁੱਕ ਸਕਦੇ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਦੀ ਨਜ਼ਰ ਟਿਕਟਾਕ, ਵੀਚੈਟ ਅਤੇ ਕੁਝ ਹੋਰ ਐਪਲੀਕੇਸ਼ਨਾਂ ‘ਤੇ ਹੈ, ਜਿਨ੍ਹਾਂ ਦੀ ਵਰਤੋਂ ਚੀਨ ਦੀ ਸਰਕਾਰ ਕਥਿਤ ਤੌਰ ‘ਤੇ ਅਮਰੀਕੀਆਂ ਦੇ ਨਿੱਜੀ ਡਾਟਾ ਹਾਸਲ ਕਰਨ ਲਈ ਕਰ ਰਹੀ ਹੈ। ਸੰਸਦ ਮੈਂਬਰ ਮੈਟ ਗੈਟਜ ਨੇ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਨੂੰ ਇਸ ਤੱਥ ਨੂੰ ਦੇਖਦੇ ਹੋਏ ਹੋਰ ਜ਼ਿਆਦਾ ਤਿਆਰ, ਸਾਵਧਾਨ ਰਹਿਣਾ ਚਾਹੀਦਾ ਹੈ ਕਿ ਚੀਨ ਇਕ ਦੁਸ਼ਮਣ ਹੈ।