ਅਮਰੀਕਾ ਵਿੱਚ ਸਟਾਕ ਮਾਰਕੀਟ ਐਪ ਰੌਬਿਨਹੁੱਡ ਨੂੰ ਹੋਇਆ ਤਕਰੀਬਨ 70 ਮਿਲੀਅਨ ਡਾਲਰ ਦਾ ਜੁਰਮਾਨਾ

181
Share

ਫਰਿਜ਼ਨੋ, 1 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਇੱਕ ਸਟਾਕ ਟਰੇਡਿੰਗ ਐਪ ਰੌਬਿਨਹੁੱਡ ਨੂੰ ਮੰਗਲਵਾਰ ਨੂੰ ਆਪਣੇ ਗਾਹਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਨ ਲਈ ਫਾਈਨੈਂਸੀਅਲ ਰੈਗੂਲੇਟਰਾਂ ਦੁਆਰਾ ਲੱਗਭਗ 70 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਐਪ ਦੁਆਰਾ ਦਿੱਤੀ ਗਲਤ ਜਾਣਕਾਰੀ ਕਾਰਨ ਇਸਦੇ ਗ੍ਰਾਹਕਾਂ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਸੀ। ਇਸ ਸਬੰਧੀ ਇੱਕ 123 ਪੰਨਿਆਂ ਦੀ ਸ਼ਿਕਾਇਤ ਵਿੱਚ, ਫਾਈਨੈਂਸੀਅਲ ਉਦਯੋਗ ਰੈਗੂਲੇਟਰੀ ਅਥਾਰਟੀ(ਫਿਨਰਾ)  ਨੇ ਦੱਸਿਆ ਕਿ ਰੌਬਿਨਹੁੱਡ ਨੇ ਲੱਖਾਂ ਗਾਹਕਾਂ ਨੂੰ ਉਨ੍ਹਾਂ ਦੇ ਨਿਵੇਸ਼ਾਂ ਬਾਰੇ ਗਲਤ ਜਾਣਕਾਰੀ ਦੇ ਕੇ  ਨੁਕਸਾਨ ਪਹੁੰਚਾਇਆ ਹੈ। ਫਿਨਰਾ, ਜਿਸ ਕੋਲ ਵਿੱਤੀ ਫਰਮਾਂ ਨੂੰ ਨਿਯਮਤ ਕਰਨ ਦਾ ਸੰਘੀ ਅਧਿਕਾਰ ਹੈ, ਨੇ ਕਿਹਾ ਕਿ ਕੰਪਨੀ ਕਾਰੋਬਾਰਾਂ ਲਈ ਗ੍ਰਾਹਕਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਆਪਣੀ ਤਕਨੀਕ ਨੂੰ ਸਹੀ ਢੰਗ ਨਾਲ ਬਣਾਈ ਰੱਖਣ ਵਿੱਚ ਵੀ ਅਸਫਲ ਰਹੀ ਹੈ।
ਫਿਨਰਾ ਅਨੁਸਾਰ ਇਹ ਜੁਰਮਾਨਾ ਹੁਣ ਤੱਕ ਦਾ ਸਭ ਤੋਂ ਵੱਡਾ ਹੈ ਅਤੇ ਇਹ ਰੌਬਿਨਹੁੱਡ ਵੱਲੋਂ ਕੀਤੀਆਂ ਉਲੰਘਣਾਵਾਂ ਨੂੰ ਦਰਸਾਉਂਦਾ ਹੈ। ਵਿੱਤੀ ਨੁਕਸਾਨ ਦੇ ਨਾਲ ਐਪ ਵੱਲੋਂ ਦਿੱਤੀ ਗਲਤ ਜਾਣਕਾਰੀ ਦੀ ਵਜ੍ਹਾ ਨਾਲ ਗ੍ਰਾਹਕਾਂ ਦੀ ਜਾਨ ਵੀ ਗਈ ਹੈ। ਇਸ ਐਪ ਦੇ ਉਪਭੋਗਤਾਵਾਂ ਵਿਚੋਂ ਇੱਕ 20 ਸਾਲਾਂ ਅਲੈਕਸ ਕੇਅਰਨਜ਼ ਸੀ, ਜਿਸ ਨੇ  ਪਿਛਲੇ ਸਾਲ ਐਪ ਦੀ ਗਲਤ ਜਾਣਕਾਰੀ ਕਾਰਨ ਆਤਮਹੱਤਿਆ ਕਰ ਲਈ ਸੀ ਕਿ ਉਹ ਰੌਬਿਨਹੁੱਡ ‘ਤੇ ਇੱਕ  ਸ਼ਰਤ ਵਿਚ ਲੱਗਭਗ 750,000 ਡਾਲਰ ਗੁਆ ਦੇਵੇਗਾ। ਉਸਦਾ ਖਾਤਾ ਲਾਲ ਹੋ ਗਿਆ ਸੀ ਅਤੇ ਕੇਅਰਨਜ਼ ਨੇ ਇਹ ਪੁੱਛਣ ਲਈ ਤਿੰਨ ਵਾਰ ਕੰਪਨੀ ਦੀ ਗਾਹਕ ਸੇਵਾ ਨੂੰ ਈਮੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਉਸਦਾ ਖਾਤਾ ਸਹੀ ਸੀ। ਉਸਨੂੰ ਕੋਈ ਜਵਾਬ ਨਹੀਂ ਮਿਲਿਆ ਅਤੇ ਉਸਨੇ ਆਪਣੀ ਖੁਦ ਦੀ ਜਾਨ ਲੈ ਲਈ। ਕੇਅਰਨਜ਼ ਦੀ ਮਾਂ ਅਤੇ ਪਿਤਾ ਨੇ ਕਿਹਾ ਕਿ ਕੰਪਨੀ ਉਨ੍ਹਾਂ ਦੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਹੈ। ਇਸ ਸਬੰਧੀ ਰੈਗੂਲੇਟਰ ਨੇ ਕਿਹਾ ਕਿ ਰੌਬਿਨਹੁੱਡ ਨੇ ਕੇਅਰਨਜ਼ ਨੂੰ ਝੂਠੀ ਅਤੇ ਗੁੰਮਰਾਹ ਕੁੰਨ ਜਾਣਕਾਰੀ ਮੁਹੱਈਆ ਕਰਵਾ ਕੇ ਨਿਯਮਾਂ ਦੀ ਉਲੰਘਣਾ ਕੀਤੀ। ਇਸਦੇ ਨਾਲ ਹੀ ਕੰਪਨੀ ਨਾਲ ਸਮੁੱਚੇ ਸਮਝੌਤੇ ਦੇ ਹਿੱਸੇ ਵਜੋਂ, ਰੈਗੂਲੇਟਰ ਨੇ ਕੇਅਰਨਜ਼ ਅਤੇ ਹਜ਼ਾਰਾਂ ਹੋਰ ਗਾਹਕਾਂ ਨੂੰ 12 ਮਿਲੀਅਨ ਡਾਲਰ ਤੋਂ ਵੱਧ ਦੀ ਅਦਾਇਗੀ ਕਰਨ ਦਾ ਵੀ ਆਦੇਸ਼ ਦਿੱਤਾ।

Share