ਅਮਰੀਕਾ: ਮੈਕਸੀਕੋ ਸਾਈਡ ਤੋਂ ਤਸਕਰਾਂ ਨੇ 14 ਫੁੱਟ ਉੱਚੀ ਵਾੜ ਤੋਂ 2 ਬੱਚੀਆਂ ਨੂੰ ਅਮਰੀਕਾ ਵਿੱਚ ਸੁੱਟਿਆ

250
Share

ਫਰਿਜ਼ਨੋ (ਕੈਲੀਫੋਰਨੀਆ), 02 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਪ੍ਰਤੀ ਦਿਨ ਗੈਰਕਾਨੂੰਨੀ ਬੱਚਿਆਂ ਦੀ ਆਮਦ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸਦੀ ਇੱਕ ਤਾਜਾ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਤਸਕਰਾਂ ਦੁਆਰਾ ਦੋ ਛੋਟੇ ਬੱਚਿਆਂ ਨੂੰ 14 ਫੁੱਟ ਉੱਚੇ ਬਾਰਡਰ ਵਾੜ ਦੇ ਉੱਪਰੋਂ ਮੈਕਸੀਕੋ ਸਾਈਡ ਤੋਂ ਅਮਰੀਕਾ ਵਿੱਚ ਸੁੱਟਣ ਦੀ ਘਟਨਾ ਨੂੰ ਕੈਮਰੇ ਵਿੱਚ ਵੇਖਿਆ ਗਿਆ ਹੈ। ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਨੇ ਮੰਗਲਵਾਰ ਰਾਤ ਨੂੰ ਮੈਕਸੀਕੋ ਵਾਲੇ ਪਾਸੇ ਤੋਂ ਦੋ ਲੋਕਾਂ ਨੂੰ ਦੋ ਬੱਚਿਆਂ ਨੂੰ ਬਾਰਡਰ ਬੈਰੀਅਰ ਉੱਤੇ ਲਿਆਉਣ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਇੱਕ ਵਿਅਕਤੀ ਵਾੜ ਨੂੰ ਸਕੇਲ ਕਰਦਾ ਹੋਇਆ ਅਤੇ ਬੱਚਿਆਂ ਨੂੰ ਅਮਰੀਕਾ ਦੇ ਪਾਸੇ ਸੁੱਟਦਾ ਵੇਖਿਆ ਜਾਂਦਾ ਹੈ। ਦੋਵੇਂ ਬੱਚਿਆਂ ਦੇ ਜ਼ਮੀਨ ‘ਤੇ ਉਤਰਨ ਤੋਂ ਬਾਅਦ, ਵਿਅਕਤੀ  ਵਾੜ ‘ਤੇ ਚੜ੍ਹਕੇ ਅਤੇ ਬਾਅਦ ਵਿੱਚ ਦੋ ਵਿਅਕਤੀ ਮੈਕਸੀਕੋ ਵੱਲ ਭੱਜਦੇ ਦਿਖਾਈ ਦਿੱਤੇ ਹਨ।ਇਸ ਘਟਨਾ ਨੂੰ ,ਇੱਕ ਬਾਰਡਰ ਏਜੰਟ ਨੇ ਰਾਤ ਨੂੰ ਵੇਖਣ ਵਾਲੀ ਟੈਕਨਾਲੌਜੀ ਦੀ ਵਰਤੋਂ ਕਰਦਿਆਂ ਸੈਲਫੋਨ ਕੈਮਰੇ ‘ਤੇ
ਰਿਕਾਰਡ ਕੀਤਾ। ਇਸ ਸੰਬੰਧੀ ਹੋਰ ਸਰਹੱਦੀ ਏਜੰਟਾਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਊ ਮੈਕਸੀਕੋ ਦੇ ਸੈਂਟਾ ਟੇਰੇਸਾ ਦੇ ਨਜ਼ਦੀਕ ਭੇਜਿਆ ਗਿਆ, ਜਿਥੇ ਉਨ੍ਹਾਂ ਨੇ ਦੋ  ਪ੍ਰਵਾਸੀ ਬੱਚੀਆਂ , ਜਿਹਨਾਂ ਵਿੱਚ ਇੱਕ 5 ਸਾਲ  ਅਤੇ ਇੱਕ 3 ਸਾਲ ਦੀ ਲੜਕੀ ਸੀ, ਨੂੰ ਬਰਾਮਦ ਕੀਤਾ।  ਸੀ ਬੀ ਪੀ ਅਨੁਸਾਰ ਇਹ ਬੱਚੀਆਂ ਇਕਵਾਡੋਰ ਨਾਲ ਸੰਬੰਧਿਤ ਸਨ। ਏਜੰਟਾਂ ਨੇ ਬੱਚੀਆਂ ਨੂੰ ਡਾਕਟਰੀ ਮੁਲਾਂਕਣ ਲਈ ਸੈਂਟਾ ਟੇਰੇਸਾ ਬਾਰਡਰ ਪੈਟਰੋਲ ਸਟੇਸ਼ਨ ‘ਤੇ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ ਫਿਰ ਸਾਵਧਾਨੀ ਦੇ ਕਾਰਨਾਂ ਅਤੇ ਅਗਲੇ ਮੁਲਾਂਕਣ ਲਈ ਸਥਾਨਕ ਹਸਪਤਾਲ ਲਿਆਂਦਾ ਗਿਆ। ਇਸ ਸਮੇਂ ਇਹ ਬੱਚੀਆਂ ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਪਲੇਸਮੈਂਟ ਤੋਂ ਪਹਿਲਾਂ ਸੀ ਬੀ ਪੀ ਦੀ ਹਿਰਾਸਤ ਵਿੱਚ ਹਨ।

Share