ਅਮਰੀਕਾ ਭਾਰਤ ਨੂੰ ਦੇਵੇਗਾ 40 ਘੰਟੇ ਚੱਲਣ ਵਾਲੇ ਡਰੋਣ

ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)– ਭਾਰਤ ਨੂੰ 22-ਸੀ ਗਾਰਡੀਅਨ ਡ੍ਰੋਨ ਦੇਣ ਦੇ ਅਮਰੀਕਾ ਸਰਕਾਰ ਦੇ ਫੈਸਲੇ ਨਾਲ ਨਾ ਸਿਰਫ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਹੋਣਗੇ, ਸਗੋਂ ਅਮਰੀਕਾ ਵਿੱਚ 2000 ਨਵੇਂ ਜੌਬਜ਼ ਵੀ ਆਉਣਗੇ। ਇਹ ਗੱਲ ਭਾਰਤੀ ਮੂਲ ਦੇ ਇਕ ਚੋਟੀ ਦੇ ਅਮਰੀਕੀ ਅਫਸਰ ਨੇ ਕਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਭਾਰਤ ਨੂੰ 2 ਬਿਲੀਅਨ ਡਾਲਰ ਦੇ ਡ੍ਰੋਨ ਦਿੱਤੇ ਜਾਣ ਬਾਰੇ ਡੋਨਾਲਡ ਟਰੰਪ ਨੇ ਸਹਿਮਤੀ ਦੇ ਦਿੱਤੀ ਸੀ। ਇਸ ਡ੍ਰੋਨ ਦੇ ਨਾਲ ਭਾਰਤ ਦੇ 7500 ਕਿਲੋਮੀਟਰ ਲੰਬੇ ਸਮੁੰਦਰੀ ਕੰਢਿਆਂ ਉੱਤੇ ਨਜ਼ਰ ਰੱਖੀ ਜਾ ਸਕੇਗੀ। ਇਕ ਨਿਊਜ਼ ਏਜੰਸੀ ਅਨੁਸਾਰ ‘ਯੂ ਐੱਸ ਐਂਡ ਇੰਟਰਨੈਸ਼ਨਲ ਸਟ੍ਰੈਟਜਿਕ ਡਿਵੈੱਲਪਮੈਂਟ, ਜਨਰਲ ਐਟਾਮਿਕਸ ਦੇ ਚੀਫ ਐਗਜ਼ੀਕਿਊਟਿਵ ਵਿਵੇਕ ਲਾਲ ਨੇ ਕਿਹਾ ਕਿ ਚੀਨ ਦੀ ਨਜ਼ਰ ਹਮੇਸ਼ਾ ਦੱਖਣੀ ਚੀਨ ਸਾਗਰ ਉੱਤੇ ਰਹੀ ਹੈ, ਪਰ ਇਸ ਹਾਲਤ ਵਿਚ ਭਾਰਤ ਨੂੰ ਸਮੁੰਦਰੀ ਡ੍ਰੋਨ ਦਿੱਤਾ ਜਾਣਾ ਇਕ ਤਰ੍ਹਾਂ ਹਿੰਦ ਮਹਾਸਾਗਰ ਵਿੱਚ ਪਾਵਰ ਬੈਲੇਂਸ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ।’ ਉਨ੍ਹਾਂ ਕਿਹਾ ਕਿ ਇਹ ਡ੍ਰੋਨ 40 ਘੰਟਿਆਂ ਤੱਕ ਲਗਾਤਾਰ ਉਡਾਣ ਭਰ ਸਕਦਾ ਹੈ। ਇਸ ਲਈ ਇਸ ਨਾਲ ਭਾਰਤ ਦੀ ਨਿਗਰਾਨੀ ਤਾਕਤ ਹੋਰ ਵਧੇਗੀ।
ਵਰਨਣ ਯੋਗ ਕਿ ਹਾਲ ਹੀ ਵਿੱਚ ਭਾਰਤ ਨੇ ਇਸਰਾਈਲ ਨਾਲ 10 ਹੇਰਾਨ ਡ੍ਰੋਨ ਦੀ ਡੀਲ ਕੀਤੀ ਹੈ। ਇਨ੍ਹਾਂ ਦੀ ਕੀਮਤ 400 ਮਿਲੀਅਨ ਡਾਲਰ ਹੈ। ਇਸਰਾਈਲ ਦੇ ਹੇਰਾਨ ਨੂੰ ਅਮਰੀਕੀ ਡ੍ਰੋਨ ਦਾ ਮੁਕਾਬਲੇਬਾਜ਼ ਮੰਨਿਆ ਜਾਂਦਾ ਹੈ। ਲਾਲਾ ਨੇ ਕਿਹਾ ਕਿ ਅਮਰੀਕਾ ਦੇ ਭਾਰਤ ਨੂੰ ਡ੍ਰੋਨ ਦੇਣ ਨਾਲ ਇਸਰਾਈਲ ਦੀ ਡੀਲ ਉੱਤੇ ਅਸਰ ਨਹੀਂ ਪਵੇਗਾ।