ਅਮਰੀਕਾ ਨੇ ਸਿਰਫ 5 ਦਿਨਾਂ ‘ਚ ਕੋਰੋਨਾਵਾਇਰਸ ਦੇ 10 ਲੱਖ ਨਵੇਂ ਕੇਸ ਕੀਤੇ ਦਰਜ

207
Share

ਫਰਿਜ਼ਨੋ, 7 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਇਸ ਸਾਲ ਦੇ ਸ਼ੁਰੂ ‘ਚ ਤਕਰੀਬਨ 20 ਜਨਵਰੀ ਨੂੰ ਸੰਯੁਕਤ ਰਾਜ ਵਿਚ ਕੋਵਿਡ-19 ਦੇ ਪਹਿਲੇ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ, ਦੇਸ਼ ਵਿਚ ਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ ਨੂੰ 10 ਲੱਖ ਤੱਕ ਹੋਣ ਲਈ ਲਗਭਗ 100 ਦਿਨ ਲੱਗ ਗਏ ਸਨ ਪਰ ਹੁਣ, ਦੇਸ਼ ਨੇ ਸਿਰਫ ਪੰਜ ਦਿਨਾਂ ਵਿਚ ਹੀ ਵਾਇਰਸ ਦੇ ਕੁੱਲ ਮਾਮਲਿਆਂ ਵਿਚ 10 ਲੱਖ ਤੋਂ ਵੱਧ ਕੇਸ ਸ਼ਾਮਲ ਕੀਤੇ ਹਨ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਬੀਤੇ ਹਫਤੇ ਮੰਗਲਵਾਰ ਤੋਂ ਸ਼ਨੀਵਾਰ ਤੱਕ, ਯੂ.ਐੱਸ. ਵਿਚ 1000,882 ਨਵੇਂ ਕੋਰੋਨਾਵਾਇਰਸ ਦੇ ਕੇਸ ਦਰਜ਼ ਹੋਏ ਹਨ, ਜਿਸ ਨਾਲ ਕੁੱਲ 14.5 ਮਿਲੀਅਨ ਤੋਂ ਵੱਧ ਪੁਸ਼ਟੀ ਕੀਤੇ ਕੇਸ ਅਤੇ 281,199 ਮੌਤਾਂ ਦਰਜ ਹੋ ਗਈਆਂ ਹਨ। ਨਵੰਬਰ ਦੇ ਮਹੀਨੇ ਵਿਚ ਨਵੇਂ ਕੋਰੋਨਾਵਾਇਰਸ ਕੇਸਾਂ ਦੀ ਰੋਜ਼ਾਨਾ ਗਿਣਤੀ ਵਿਚ ਵਾਧਾ ਜਾਰੀ ਰਿਹਾ ਹੈ, ਜਿਸ ਨਾਲ ਹਸਪਤਾਲਾਂ ‘ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਦਕਿ ਦਸੰਬਰ ਦੇ ਦੂਜੇ ਦਿਨ ਵੀ 200,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅਨੁਸਾਰ ਪਿਛਲੇ ਚਾਰ ਦਿਨਾਂ ਤੋਂ ਦੇਸ਼ ਭਰ ਵਿਚ 100,000 ਤੋਂ ਵੱਧ ਕੋਵਿਡ -19 ਨਾਲ ਪੀੜਤ ਮਰੀਜ਼ ਹਸਪਤਾਲਾਂ ‘ਚ ਦਾਖਲ ਹੋਏ ਹਨ।


Share