ਅਮਰੀਕਾ ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਨਹੀਂ ਦਿੱਤੀ ਮਨਜ਼ੂਰੀ

267
Share

ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)- ਭਾਰਤ ਬਾਇਓਟੈੱਕ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ। ਅਮਰੀਕਾ ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਭਾਰਤ ਲਈ ਵੱਡਾ ਝਟਕਾ ਹੈ ਕਿਉਂਕਿ ਕੋਵੈਕਸੀਨ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਹੈ ਅਤੇ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਤੋਂ ਵੀ ਇਸ ਦੀ ਮਾਨਤਾ ਲਈ ਅਰਜ਼ੀ ਦਿੱਤੀ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਇਸ ਦੀ ਐਮਰਜੈਂਸੀ ਵਰਤੋਂ ਦੀ ਬੇਨਤੀ ਨੂੰ ਨਕਾਰ ਦਿੱਤਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਫਾਉਚੀ ਨੇ ਕੋਵੈਕਸੀਨ ਦੇ ਪ੍ਰਭਾਵ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਸੀ। ਖਦਸ਼ਾ ਹੈ ਕਿ ਅਮਰੀਕਾ ਦੇ ਇਸ ਰੁਖ਼ ਨਾਲ ਭਾਰਤ ਦੀ ਉਸ ਮੁਹਿੰਮ ਨੂੰ ਵੀ ਝਟਕਾ ਲੱਗ ਸਕਦਾ ਹੈ, ਜਿਸ ਅਧੀਨ ਉਹ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਦਿਵਾਉਣ ’ਚ ਲੱਗਾ ਹੈ।
ਭਾਰਤ ਬਾਇਓਟੈੱਕ ਦੇ ਯੂ.ਐੱਸ. ਪਾਰਟਨਰ ਓਕਿਊਜੇਨ ਨੇ ਐੱਫ.ਡੀ.ਏ. ਨਾਲ ਵੈਕਸੀਨ ਦੇ ਐਮਰਜੈਂਸੀ ਯੂਜ਼ ਆਥਰਾਈਜ਼ੇਸ਼ਨ (ਈ.ਯੂ.ਏ.) ਲਈ ਅਰਜ਼ੀ ਦਿੱਤੀ ਸੀ। ਓਕਿਊਜੇਨ ਨੇ ਕਿਹਾ ਕਿ ਉਹ ਹੁਣ ਕੋਵੈਕਸੀਨ ਲਈ ਐਮਰਜੈਂਸੀ ਮਨਜ਼ੂਰੀ ਨਹੀਂ ਮੰਗੇਗੀ, ਬਲਕਿ ਇਸ ਦੇ ਐਂਟੀ-ਕੋਵਿਡ ਸ਼ਾਟ ਦੀ ਪੂਰੀ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕਰੇਗੀ। ਓਕਿਊਜੇਨ ਨੇ ਕਿਹਾ ਕਿ ਇਹ ਫੈਸਲਾ ਯੂ.ਐੱਸ.ਐੱਫ.ਡੀ. ਏ. ਵੱਲੋਂ ਦਿੱਤੀ ਗਈ ਇਕ ਸਿਫਾਰਿਸ਼ ’ਤੇ ਲਿਆ ਗਿਆ ਹੈ। ਐੱਫ.ਡੀ.ਏ. ਨੇ ਭਾਰਤ ਬਾਇਓਟੈੱਕ ਨੂੰ ਇਕ ਹੋਰ ਕਲੀਨਿਕਲ ਟ੍ਰਾਇਲ ਕਰਨ ਨੂੰ ਕਿਹਾ ਸੀ, ਤਾਂ ਕਿ ਉਹ ਇਕ ਬਾਇਓਲਾਜਿਕਸ ਲਾਇਸੈਂਸ ਆਵੇਦਨ (ਬੀ.ਐੱਲ.ਏ.) ਲਈ ਫਾਈਲ ਕਰ ਸਕੇ, ਜੋ ਪੂਰੀ ਮਨਜ਼ੂਰੀ ਹਾਸਲ ਕਰਨ ਲਈ ਜ਼ਰੂਰੀ ਹੈ।

Share