ਅਮਰੀਕਾ ਦੇ ਹਸਪਤਾਲਾਂ ’ਚ ਹੋਈ ਨਰਸਾਂ ਦੀ ਘਾਟ

108
Share

-ਅਸਥਾਈ ਟਰੈਵਲ ਨਰਸਾਂ ਦੀ ਮੰਗ ’ਚ ਹੋਇਆ ਭਾਰੀ ਵਾਧਾ
ਫਰਿਜ਼ਨੋ, 30 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਕੋਰੋਨਾਵਾਇਰਸ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਣ ਕਾਰਨ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਉੱਪਰ ਵੀ ਦਬਾਅ ਬਣ ਰਿਹਾ ਹੈ। ਹਸਪਤਾਲਾਂ ਵਿਚ ਜ਼ਿਆਦਾ ਮਰੀਜ਼ਾਂ ਦੇ ਭਰਤੀ ਹੋਣ ਕਾਰਨ ਸਿਹਤ ਸਹੂਲਤਾਂ ਦੇ ਨਾਲ ਹਸਪਤਾਲ ਸਟਾਫ ਦੀ ਵੀ ਭਾਰੀ ਘਾਟ ਪੈਦਾ ਹੋ ਰਹੀ ਹੈ, ਜਿਸ ਨਾਲ ਪੀੜਤਾਂ ਦੀ ਦੇਖਭਾਲ ’ਚ ਵੀ ਸਮੱਸਿਆ ਆ ਰਹੀ ਹੈ। ਦੇਸ਼ ਦੇ ਕਈ ਹਸਪਤਾਲਾਂ ਵਿਚੋਂ ਆਇਡਾਹੋ ਦੇ ਬੋਇਸ ਵਿਖੇ ਸੇਂਟ ਅਲਫਾਂਸਸ ਰੀਜਨਲ ਮੈਡੀਕਲ ਸੈਂਟਰ ਵਿਚ, ਲਗਭਗ 25% ਮਰੀਜ਼ ਕੋਵਿਡ-19 ਨਾਲ ਪੀੜਤ ਹਨ ਅਤੇ ਬਿਮਾਰ ਮਰੀਜ਼ਾਂ ਦੀ ਦੇਖਭਾਲ ਲਈ ਸਟਾਫ ਦੀ ਕਮੀ ਪੈ ਰਹੀ ਹੈ। ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਦੇ ਨਾਲ ਕਰਮਚਾਰੀ ਵੀ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਨਿਊਜਰਸੀ ਦੇ ਤਿੰਨ ਹਸਪਤਾਲਾਂ ’ਚ 170 ਤੋਂ ਵੱਧ ਕਰਮਚਾਰੀ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਦੇਸ਼ ਦੇ ਕਈ ਹਸਪਤਾਲਾਂ ਵਿਚ ਸਟਾਫ ਦੀ ਘਾਟ ਹੋ ਰਹੀ ਹੈ। ਇਸ ਸਥਿਤੀ ਕਾਰਨ ਬਹੁਤ ਸਾਰੇ ਰਾਜ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਅਸਥਾਈ ਤੌਰ ’ਤੇ ਟਰੈਵਲ ਨਰਸਾਂ ਦੀ ਭਰਤੀ ਵੱਲ ਮੁੜ ਰਹੇ ਹਨ। ਕੈਲੀਫੋਰਨੀਆ ਸੂਬੇ ’ਚ, ਰਾਜਪਾਲ ਗੈਵਿਨ ਨਿਊਸਮ ਨੇ ਵੀ ਰਾਜ ਦੇ ਹਸਪਤਾਲਾਂ ਵਿਚ ਦਾਖਲੇ ਦੀਆਂ ਦਰਾਂ ਵਧਾਉਣ ਵਿਚ ਸਹਾਇਤਾ ਲੈਣ ਲਈ ਤਕਰੀਬਨ 3,000 ਅਸਥਾਈ ਸਮਝੌਤੇ ਵਾਲੇ ਮੈਡੀਕਲ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਜ਼ਰੂਰਤ ਬਾਰੇ ਵਿਚਾਰ ਕੀਤਾ ਹੈ। ਟਰੈਵਲ ਨਰਸਾਂ ਦੀ ਭਰਤੀ ਕਰਨ ਵਾਲੀ ਇੱਕ ਏਜੰਸੀ ਅਨੁਸਾਰ ਇਸ ਵੇਲੇ ਇਨ੍ਹਾਂ ਨਰਸਾਂ ਦੀ ਮੰਗ ਉੱਚ ਪੱਧਰ ’ਤੇ ਹੈ ਅਤੇ ਇਸ ਹਫਤੇ ਤੱਕ, ਸਾਰੇ 50 ਰਾਜਾਂ ’ਚ ਟਰੈਵਲ ਨਰਸਾਂ ਲਈ 29,200 ਤੋਂ ਵੱਧ ਨੌਕਰੀਆਂ ਲਈ ਬੇਨਤੀਆਂ ਹਨ। ਜ਼ਿਆਦਾਤਰ ਟਰੈਵਲ ਨਰਸ ਏਜੰਸੀਆਂ, ਨਰਸਾਂ ਨੂੰ ਉਸ ਸਥਾਨ ਦੇ ਆਧਾਰ ’ਤੇ ਭੁਗਤਾਨ ਕਰਦੀਆਂ ਹਨ, ਜਿੱਥੇ ਉਹ ਕੰਮ ਕਰਦੀਆਂ ਹਨ। ਪਰ ਕਈ ਟਰੈਵਲ ਨਰਸਾਂ ਜ਼ਿਆਦਾ ਤਨਖਾਹ ਵਧਾਉਣ ਲਈ ਹੋਰ ਰਾਜਾਂ ਜਾਂ ਖੇਤਰਾਂ ਵਿਚ ਵੀ ਸੇਵਾਵਾਂ ਦੇ ਸਕਦੀਆਂ ਹਨ।

Share