ਅਮਰੀਕਾ ਦੇ ਰਿਚਮੰਡ ਹਿੱਲ ਦੀ ਸਟ੍ਰੀਟ 101 ਐਵੇਨਿਊ ਦਾ ਨਾਂ ‘ਪੰਜਾਬ ਐਵੇਨਿਊ’ ਰੱਖਿਆ

86
Share

ਨਿਊਯਾਰਕ, 24 ਅਕਤੂਬਰ, (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨ ਸ਼ੁੱਕਰਵਾਰ ਨੂੰ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਦੀ ਇਕ ਸਟ੍ਰੀਟ 101 ਐਵੇਨਿਊ ਦਾ ਨਾਂ ‘ਪੰਜਾਬ ਐਵੇਨਿਊ’ ਰੱਖਣ ਦਾ ਉਦਘਾਟਨੀ ਸਮਾਰੋਹ ਹੋਇਆ ਅਤੇ ਹੁਣ ਜਨਤਾ ਇਸ ਸੜਕ ਨੂੰ ‘ਪੰਜਾਬ ਐਵੇਨਿਊ’ ਨਾਲ ਤਸਦੀਕ ਕਰੇਗੀ। ‘ਪੰਜਾਬ ਐਵੇਨਿਊ’ 111 ਸਟ੍ਰੀਟ ਤੋਂ ਲੈ ਕੇ 123 ਸਟ੍ਰੀਟ ਤੱਕ ਚੱਲੇਗਾ।
ਨਿਊਯਾਰਕ ‘ਚ ਰਹਿੰਦੇ ਉੱਘੇ ਸਮਾਜ ਸੇਵੀ ਸ. ਹਰਪ੍ਰੀਤ ਸਿੰਘ ਤੂਰ ਅਤੇ ਸਥਾਨਕ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਸਾਂਝੇ ਉੱਦਮ ਸਦਕਾ ਉਨ੍ਹਾਂ ਨੂੰ ਨਿਊਯਾਰਕ ਸਿਟੀ ਦੀ ਕੌਂਸਲ ਮੈਂਬਰ ਏਡਰੀਅਨ ਐਡਮਜ਼ ਨਾਲ ਮਸ਼ਵਰਾ ਕੀਤਾ ਕਿ ਰਿਚਮੰਡ ਹਿੱਲ ਦਾ ਨਾਂ ਪੰਜਾਬ ਦੇ ਨਾਂ ‘ਤੇ ਰੱਖਣਾ ਚਾਹੀਦਾ ਹੈ, ਜਿਸ ਨੂੰ ਉਨ੍ਹਾਂ ਸਵੀਕਾਰ ਕੀਤਾ ਅਤੇ ਉਨ੍ਹਾਂ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ। ਪਿਛਲੇ ਸਾਲ 2019 ‘ਚ ਸਿਟੀ ਕੌਂਸਲ ਵੱਲੋਂ ਇਸ ਨਾਂ ਦਾ ਬਿੱਲ ਪਾਸ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਇਲਾਕੇ ‘ਚ ਸਭ ਤੋਂ ਵੱਧ ਗਿਣਤੀ ਪੰਜਾਬੀ ਭਾਈਚਾਰੇ ਦੇ ਸਿੱਖਾਂ ਅਤੇ ਨਾਲ ਹਿੰਦੂ ਕ੍ਰਿਸ਼ਚਨ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਹੈ। ਇਸ ਰਸਮੀ ਸਮਾਰੋਹ ‘ਚ ਕੌਂਸਲਵੂਮੈਨ ਏਡਰੀਅਨ ਐਡਮਜ਼, ਅਸੈਂਬਲੀਮੈਨ ਡੇਵਿਡ ਵੈਪਰਨ, ਰਾਜਵਿੰਦਰ ਕੌਰ ਮੈਂਬਰ ਕਮਿਊਨਿਟੀ ਐਜੂਕੇਸ਼ਨ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ. ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਪ੍ਰਧਾਨ ਸ. ਗੁਰਦੇਵ ਸਿੰਘ ਕੰਗ, ਸ. ਹਰਮਨ ਸਿੰਘ ਤੋਂ ਇਲਾਵਾ ਹੋਰ ਵੀ ਕਈ ਸਿੱਖ ਆਗੂ ਸ਼ਾਮਲ ਸਨ।


Share