‘ਅਮਰੀਕਾ ਦੇ ਪ੍ਰਮਾਣੂ ਸਮਝੌਤੇ ‘ਚੋਂ ਬਾਹਰ ਨਿਕਲਣ ਨਾਲ ਕਿਸੇ ਨੂੰ ਲਾਭ ਨਹੀ ਹੋਵੇਗਾ’

ਵਿਏਨਾ, 6 ਜੁਲਾਈ (ਪੰਜਾਬ ਮੇਲ)-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ ਕਿ ਪ੍ਰਮਾਣੂ ਸਮਝੌਤੇ ਵਿਚੋਂ ਅਮਰੀਕਾ ਦੇ ਬਾਹਰ ਨਿਕਲਣ ਨਾਲ ਕਿਸੇ ਨੂੰ ਵੀ ਲਾਭ ਨਹੀਂ ਹੋਵੇਗਾ। ਇਕ ਸਮਾਚਾਰ ਏਜੰਸੀ ਨੇ ਰੂਹਾਨੀ ਦੇ ਹਵਾਲੇ ਨਾਲ ਦੱਸਿਆ, ”ਸਮਝੌਤੇ ਤੋਂ ਅਮਰੀਕਾ ਦੇ ਬਾਹਰ ਨਿਕਲਣ ਨਾਲ ਨਾ ਹੀ ਵਾਸ਼ਿੰਗਟਨ ਨੂੰ ਅਤੇ ਨਾ ਹੀ ਕਿਸੇ ਹੋਰ ਦੇਸ਼ ਨੂੰ ਲਾਭ ਹੋਵੇਗਾ।” ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜੇਕਰ ਸਮਝੌਤੇ ਨਾਲ ਜੁੜੇ ਹੋਰ ਦੇਸ਼ ਸਮਝੌਤੇ ਦਾ ਸਨਮਾਨ ਕਰਨ ਤਾਂ ਈਰਾਨ ਇਸ ‘ਤੇ ਕਾਇਮ ਰਹੇਗਾ ਅਤੇ ਸਹਿਯੋਗ ਜਾਰੀ ਰੱਖੇਗਾ।
ਰੂਹਾਨੀ ਯੂਰਪੀ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਤਹਿਤ ਬੁੱਧਵਾਰ ਨੂੰ ਵਿਏਨਾ ਵਿਚ ਸਨ। ਅਮਰੀਕਾ, ਈਰਾਨ ‘ਤੇ ਦੁਬਾਰਾ ਪਾਬੰਦੀ ਲਗਾ ਰਿਹਾ ਹੈ ਤਾਂ ਅਜਿਹੇ ਵਿਚ ਰੂਹਾਨੀ ਦੇਸ਼ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਈ.ਯੂ. ਦੇਸ਼ਾਂ ਤੋਂ ਸਮਰਥਨ ਮੰਗ ਰਿਹਾ ਹੈ। ਜ਼ਿਕਰਯੋਗ ਹੈ ਕਿ 2015 ਵਿਚ ਈਰਾਨ ਨੇ ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ, ਚੀਨ ਅਤੇ ਜਰਮਨੀ ਨਾਲ ਇਕ ਇਤਿਹਾਸਕ ਪ੍ਰਮਾਣੂ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਦੇ ਤਹਿਤ ਈਰਾਨ ਨੂੰ ਆਪਣੇ ਪ੍ਰਮਾਣੁ ਹਥਿਆਰ ਪ੍ਰੋਗਰਾਮਾਂ ‘ਤੇ ਰੋਕ ਲਗਾਉਣੀ ਹੈ ਬਦਲੇ ਵਿਚ ਉਸ ‘ਤੇ ਲੱਗੀਆਂ ਪਾਬੰਦੀਆਂ ਵਿਚ ਛੋਟ ਦਿੱਤੀ ਜਾਏਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 8 ਮਈ ਨੂੰ ਇਸ ਸਮਝੌਤੇ ਤੋਂ ਬਾਹਰ ਨਿਕਲ ਗਏ ਸਨ ਅਤੇ ਈਰਾਨ ‘ਤੇ ਦੁਬਾਰਾ ਪਾਬੰਦੀ ਲਗਾਉਣ ਦੀ ਵਚਨਬੱਧਤਾ ਜਤਾਈ ਸੀ।