ਅਮਰੀਕਾ ਦੇ ਪੇਂਡੂ ਇਲਾਕਿਆਂ ‘ਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੇ ਵਧਾਈ ਚਿੰਤਾ

488
Share

ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਵੱਡੇ ਸ਼ਹਿਰਾਂ ਤੋਂ ਬਾਅਦ ਹੁਣ ਪੇਂਡੂ ਇਲਾਕਿਆਂ ਵਿਚ ਵੀ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਜ਼ਿਆਦਾ ਧਿਆਨ ਟੈਕਸਸ ਅਤੇ ਫਲੋਰਿਡਾ ਜਿਹੇ ਸੂਬਿਆਂ ‘ਤੇ ਦਿੱਤਾ ਜਾ ਰਿਹਾ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਕਨਸਾਸ ਵਿਚ ਮਾਮਲਿਆਂ ਦਾ ਵਧਣਾ ਪ੍ਰਸ਼ਾਸਨ ਲਈ ਚਿੰਤਾ ਦਾ ਨਵਾਂ ਕਾਰਨ ਬਣ ਗਿਆ ਹੈ।
ਕਨਸਾਸ ਵਿਚ ਜੂਨ ਦੇ ਸ਼ੁਰੂ ਵਿਚ ਹਾਲਾਤ ਕੰਟਰੋਲ ‘ਚ ਹੁੰਦੇ ਦਿਖਾਈ ਦੇ ਰਹੇ ਸੀ, ਪਰ ਹੁਣ ਕੁਝ ਹਫਤਿਆਂ ਵਿਚ ਉੱਥੇ ਮਾਮਲੇ ਦੁੱਗਣੇ ਹੋ ਗਏ ਹਨ। ਪੰਜ ਜੂਨ ਨੂੰ ਨਵੇਂ ਮਾਮਲਿਆਂ ਦਾ ਸੱਤ ਦਿਨ ਦਾ ਔਸਤ 96 ਸੀ, ਜੋ ਸ਼ੁੱਕਰਵਾਰ ਨੂੰ 211 ਹੋ ਗਿਆ। ਸੂਬੇ ਦੇ ਪੂਰਬ-ਉੱਤਰ ਵਿਚ ਫੋਰਟ ਰਿਲੇ ਵਿਚ ਅਮਰੀਕੀ ਫ਼ੌਜ ਦੇ ਕਮਾਂਡਰ ਨੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਫ਼ੌਜੀਆਂ ਨੂੰ ਜ਼ਿਲ‘ੇ ਵਿੱਚ ਰਾਤ 10 ਵਜੇ ਤੋਂ ਬਾਅਦ ਮਸ਼ਹੂਰ ਰੇਸਤਰਾਂ ਅਤੇ ਬਾਰ ਤੋਂ ਦੂਰ ਰਹਿਣ ਲਈ ਕਿਹਾ ਹੈ।
ਆਇਡਾਹੋ ਅਤੇ ਓਕਲਾਹੋਮਾ ਵਿਚ ਵੀ ਮਾਮਲੇ ਇਸੇ ਤਰ੍ਹਾਂ ਵੱਧ ਰਹੇ ਹਨ। ਜੌਨ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 19 ਜੂਨ ਤੋਂ 26 ਜੂਨ ਤੱਕ ਕੈਲੀਫੋਰਨੀਆ, ਆਰਕੋਸਸ, ਮਿਸੌਰੀ, ਕਨਸਾਸ, ਟੈਕਸਾਸ ਅਤੇ ਫਲੋਰਿਡਾ ਸਣੇ ਕਈ ਸੂਬਿਆਂ ਦੇ ਪੇਂਡੂ ਇਲਾਕਿਆਂ ਵਿਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਏ ਹਨ। ਕੈਲੀਫੋਰਨੀਆ ਦੇ ਲੈੱਸਨ ਵਿਚ ਜਿੱਥੇ ਸਿਰਫ਼ 9 ਮਾਮਲੇ ਸਨ, ਉਹ ਵਧ ਕੇ 172 ਹੋ ਗਏ ਹਨ ਅਤੇ ਆਰਕੋਸਸ ਦੇ ਹੌਟ ਸਪ੍ਰਿੰਗ ਵਿਚ ਮਾਮਲੇ 46 ਤੋਂ ਵਧ ਕੇ 415 ਹੋ ਗਏ ਹਨ। ਦੋਵਾਂ ਹੀ ਥਾਵਾਂ ‘ਤੇ ਜੇਲ੍ਹਾਂ ਵਿਚ ਮਾਮਲੇ ਜ਼ਿਆਦਾ ਵਧੇ ਹਨ।
ਮਿਸੌਰੀ ਦੇ ਮੈਕਡੋਨਾਲਡ ਵਿਚ ਟਾਇਸਨ ਫ਼ੂਡ ਦੇ ਚਿਕਨ ਪਲਾਂਟ ਵਿਚ ਮਾਮਲੇ ਸਾਹਮਣੇ ਆਉਣ ਬਾਅਦ ਉੱਥੇ ਮਾਮਲੇ ਤਿੰਨ ਗੁਣਾ ਵਧੇ ਹਨ। ਮਿਸੌਰੀ ਵਿਚ ਚਿੰਤਾ ਵਧੀ ਹੋਈ ਹੈ ਅਤੇ ਕਨਸਾਸ ਦੇ ਮੇਅਰ ਕਵਿੰਟਨ ਲੁਕਾਸ ਨੇ ਕਰਮਚਾਰੀਆਂ ਅਤੇ ਕਾਰੋਬਾਰੀ ਸਰਪ੍ਰਸਤਾਂ ਨੂੰ ਮਾਸਕ ਪਾਉਣ ਦਾ ਹੁਕਮ ਦਿੱਤਾ ਹੈ, ਕਿਉਂਕਿ 6 ਫੁੱਟ (ਲਗਭਗ 2 ਮੀਟਰ) ਦੀ ਦੂਰੀ ਕਾਇਮ ਰੱਖਣਾ ਸੰਭਵ ਨਹੀਂ ਹੈ।


Share