ਅਮਰੀਕਾ ਦੇ ਚੋਣ ਸੁਰੱਖਿਆ ਅਧਿਕਾਰੀਆਂ ਵੱਲੋਂ ਟਰੰਪ ਦੇ ਚੋਣਾਂ ‘ਚ ਬੇਨਿਯਮੀਆਂ ਦੇ ਦਾਅਵੇ ਰੱਦ

212
Share

ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਚੋਣ ਸੁਰੱਖਿਆ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੋਣਾਂ ‘ਚ ਬੇਨਿਯਮੀਆਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ, ਜੋ ਕਿ ‘ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਧ ਸੁਰੱਖਿਅਤ’ ਸਨ, ਵਿਚ ਸਮਝੌਤਾ ਹੋਣ ਦਾ ‘ਕੋਈ ਸਬੂਤ’ ਨਹੀਂ ਹੈ।
ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਵਾਰ-ਵਾਰ ਚੋਣਾਂ ‘ਚ ਧਾਂਦਲੀਆਂ ਦੇ ਨਿਰਆਧਾਰ ਦਾਅਵੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਹਾਲੇ ਤੱਕ ਹਾਰ ਨਹੀਂ ਮੰਨੀ ਹੈ। ਉਨ੍ਹਾਂ ਵਲੋਂ ਡੈਮੋਕਰੈਟਿਕ ਊਮੀਦਵਾਰ ਜੋਅ ਬਾਇਡਨ ਵਲੋਂ ਜਿੱਤੇ ਸੂਬਿਆਂ ਵਿਚ ਕਈ ਕਾਨੂੰਨੀ ਚੁਣੌਤੀਆਂ ਸ਼ੁਰੂ ਕੀਤੀਆਂ ਗਈਆਂ ਹਨ। ਹੋਮਲੈਂਡ ਸੁਰੱਖਿਆ ਵਿਭਾਗ ਦੀਆਂ ਦੋ ਕਮੇਟੀਆਂ ਜੀ.ਸੀ.ਸੀ. ਅਤੇ ਸੀ.ਆਈ.ਐੱਸ.ਏ. (ਦੋਵੇਂ ਕਮੇਟੀਆਂ ਅਮਰੀਕਾ ਦੀ ਚੋਣ ਪ੍ਰਣਾਲੀ ਦੀ ਸੁਰੱਖਿਆ ਲਈ ਕੰਮ ਕਰਦੀਆਂ ਹਨ) ਵਲੋਂ ਸਾਂਝੇ ਤੌਰ ‘ਤੇ ਜਾਰੀ ਬਿਆਨ ਵਿਚ ਵੋਟਾਂ ‘ਚ ਕਿਸੇ ਤਰ੍ਹਾਂ ਦਾ ਸਮਝੌਤਾ ਹੋਣ ਨੂੰ ਰੱਦ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ, ”ਜਦੋਂ ਸੂਬਿਆਂ ‘ਚ ਵੋਟਾਂ ਵਿਚ ਥੋੜ੍ਹਾ ਫ਼ਰਕ ਹੋਵੇ, ਤਾਂ ਜ਼ਿਆਦਾਤਰ ਵੋਟਾਂ ਦੀ ਗਿਣਤੀ ਦੁਬਾਰਾ ਹੁੰਦੀ ਹੈ। 2020 ਦੀ ਰਾਸ਼ਟਰਪਤੀ ਚੋਣ ਵਿਚ ਕਰੀਬੀ ਨਤੀਜਿਆਂ ਵਾਲੇ ਸਾਰੇ ਸੂਬਿਆਂ ਕੋਲ ਹਰੇਕ ਵੋਟ ਦਾ ਕਾਗਜ਼ੀ ਰਿਕਾਰਡ ਮੌਜੂਦ ਹੈ, ਜਿਸ ਨਾਲ ਜੇਕਰ ਲੋੜ ਪਵੇ, ਤਾਂ ਦੁਬਾਰਾ ਗਿਣਤੀ ਕੀਤੀ ਜਾ ਸਕਦੀ ਹੈ। ਇਹ ਸੁਰੱਖਿਆ ਲਈ ਵੀ ਲਾਹੇਵੰਦ ਹੈ। ਇਸ ਪ੍ਰਕਿਰਿਆ ਨਾਲ ਕਿਸੇ ਵੀ ਗਲਤੀ ਦੀ ਸ਼ਨਾਖਤ ਅਤੇ ਦਰੁਸਤੀ ਹੋ ਜਾਂਦੀ ਹੈ। ਕੋਈ ਸਬੂਤ ਨਹੀਂ ਹੈ ਕਿ ਕਿਸੇ ਵੀ ਵੋਟਿੰਗ ਪ੍ਰਣਾਲੀ ਵਿਚ ਵੋਟਾਂ ਮਿਟਾਈਆਂ, ਬਦਲੀਆਂ, ਗੁਆਚੀਆਂ ਹੋਣ ਜਾਂ ਕਿਸੇ ਤਰ੍ਹਾਂ ਦਾ ਸਮਝੌਤਾ ਹੋਇਆ ਹੋਵੇ।” ਬਿਆਨ ‘ਚ ਅੱਗੇ ਕਿਹਾ ਗਿਆ, ”ਸਾਨੂੰ ਪਤਾ ਹੈ ਕਿ ਸਾਡੀ ਚੋਣ ਪ੍ਰਕਿਰਿਆ ਬਾਰੇ ਗਲਤ ਸੂਚਨਾ ਲਈ ਕਈ ਨਿਰਆਧਾਰ ਦਾਅਵੇ ਕੀਤੇ ਜਾ ਰਹੇ ਹਨ, ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਨੂੰ ਸਾਡੀਆਂ ਚੋਣਾਂ ਦੀ ਸੁਰੱਖਿਆ ਅਤੇ ਇਮਾਨਦਾਰੀ ‘ਚ ਪੂਰਾ ਭਰੋਸਾ ਹੈ ਅਤੇ ਤੁਹਾਨੂੰ ਵੀ ਹੋਣਾ ਚਾਹੀਦਾ ਹੈ।”


Share