ਅਮਰੀਕਾ ਦੇ ਕਈ ਸਕੂਲਾਂ ਨੇ ਦੀਵਾਲੀ ਵਾਲੇ ਦਿਨ ਛੁੱਟੀ ਐਲਾਨੀ

ਵਾਸਿ਼ੰਗਟਨ, 13 ਅਪ੍ਰੈਲ (ਪੰਜਾਬ ਮੇਲ)-ਨਿਊਯਾਰਕ, ਨਿਊਜਰਸੀ ਤੇ ਪੈਨਿਨਸਿਲਵੇਨੀਆ ਵੱਲੋਂ ਸਾਲ 2017-2018 ਦੇ ਆਪਣੇ ਸਕੂਲ ਕੈਲੰਡਰਾਂ ਵਿੱਚ ਦੀਵਾਲੀ ਵਾਲੇ ਦਿਨ ਭਾਵ 19 ਅਕਤੂਬਰ ਨੂੰ ਸ਼ਾਮਲ ਕਰ ਲਿਆ ਗਿਆ ਹੈ ਤੇ ਹੁਣ ਇਸ ਦਿਨ ਵਿਦਿਆਰਥੀਆਂ ਨੂੰ ਛੁੱਟੀ ਹੋਵੇਗੀ। ਹਿੰਦੂਆਂ ਵੱਲੋਂ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ।
ਨਿਊ ਯਾਰਕ ਵਿੱਚ ਈਸਟ ਮੀਡੋਅ ਸਕੂਲ ਡਿਸਟ੍ਰਿਕਟ, ਈਸਟ ਵਿਲਿਸਟਨ ਯੂਨੀਅਨ ਫਰੀ ਸਕੂਲ ਡਿਸਟ੍ਰਿਕਟ, ਹਾਫ ਹੌਲੋਅ ਹਿੱਲਜ਼ ਸੈਂਟਰਲ ਸਕੂਲ ਡਿਸਟ੍ਰਿਕਟ, ਹੈਰਿਕਸ ਯੂਨੀਅਨ ਫਰੀ ਸਕੂਲ ਡਿਸਟ੍ਰਿਕਟ, ਹਿੱਕਸਵਿੱਲੇ ਯੂਨੀਅਨ ਫਰੀ ਸਕੂਲ ਡਿਸਟ੍ਰਿਕਟ ਤੇ ਸਿਓਸੈੱਟ ਸੈਂਟਰਲ ਸਕੂਲ ਡਿਸਟ੍ਰਿਕਟ ਦੇ ਨਾਂ ਵਰਨਣਯੋਗ ਹਨ ਜਿਨ੍ਹਾਂ ਨੇ ਇਹ ਫੈਸਲਾ ਲਾਗੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੋਰ ਮਿਨੀਓਲਾ ਯੂਨੀਅਨ ਫਰੀ ਸਕੂਲ ਡਿਸਟ੍ਰਿਕਟ ਨੇ ਐਲਾਨ ਕੀਤਾ ਹੈ ਕਿ ਦੀਵਾਲੀ ਵਾਲੇ ਦਿਨ ਨਾ ਹੀ ਕੋਈ ਹੋਮ ਵਰਕ ਦਿੱਤਾ ਜਾਇਆ ਕਰੇਗਾ ਤੇ ਨਾ ਹੀ ਕਿਸੇ ਕਿਸਮ ਦੀ ਪ੍ਰੀਖਿਆ ਲਈ ਜਾਵੇਗੀ।
ਗੁਆਂਢੀ ਨਿਊ ਜਰਸੀ ਵਿੱਚ 2017-2018 ਸਕੂਲ ਕੈਲੰਡਰਾਂ ਲਈ ਗਲੈਨ ਰੌਕ ਪਬਲਿਕ ਸਕੂਲਾਂ ਨੇ ਸਕੂਲ ਤੇ ਆਫਿਸ ਬੰਦ ਰੱਖੇ ਜਾਣ ਦਾ ਐਲਾਨ ਕੀਤਾ ਹੈ, ਪੱਛਮ ਵਿੱਚ ਵਿੰਡਸਰ-ਪਲੇਨਸਬੌਰੋ ਰੀਜਨਲ ਸਕੂਲ ਡਿਸਟ੍ਰਿਕਟ ਵਿੱਚ 19 ਅਕਤੂਬਰ ਨੂੰ ਸਕੂਲ ਬੰਦ ਰੱਖੇ ਜਾਣਗੇ ਤੇ ਪਿਸਕਾਤਾਵੇਅ ਟਾਊਨਸਿ਼ਪ ਸਕੂਲਾਂ ਵਿੱਚ ਦੀਵਾਲੀ ਵਾਲੇ ਦਿਨ ਵਿਦਿਆਰਥੀਆਂ ਲਈ ਸਕੂਲ ਬੰਦ ਰਹਿਣਗੇ। ਪੈਨਿਨਸਿਲਵੇਨੀਆ, ਯੂਨੀਅਨਵਿੱਲੇ-ਚੈਡਸ ਫੋਰਡ ਸਕੂਲ ਡਿਸਟ੍ਰਿਕਟ, ਜੋ ਕਿ ਕੈਨੇਟ ਸਕੁਏਅਰ ਵਿੱਚ ਸਥਿਤ ਹੈ, ਨੇ ਵੀ ਦੀਵਾਲੀ ਵਾਲੇ ਦਿਨ ਸਕੂਲ ਬੰਦੇ ਰੱਖੇ ਜਾਣ ਨੂੰ ਮਨਜੂ਼ਰੀ ਦੇ ਦਿੱਤੀ ਹੈ ਜਦਕਿ ਮੈਸਾਚਿਊਸੈਟਸ ਵਿੱਚ ਹਾਰਵਰਡ ਪਬਲਿਕ ਸਕੂਲਾਂ ਨੇ 19 ਅਕਤੂਬਰ ਨੂੰ ਜਲਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ।
ਹਿੰਦੂ ਸਿਆਸਤਦਾਨ ਰਾਜਨ ਜ਼ੈੱਡ ਨੇ ਅੱਜ ਨੇਵਾਡਾ ਵਿੱਚ ਇੱਕ ਬਿਆਨ ਜਾਰੀ ਕਰਕੇ ਇਸ ਨੂੰ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਕਦਮ ਦੱਸਿਆ ਤੇ ਉਨ੍ਹਾਂ ਅਮਰੀਕਾ ਦੇ ਹੋਰਨਾਂ ਪਬਲਿਕ ਸਕੂਲ ਡਿਸਟ੍ਰਿਕਟਸ ਤੇ ਹਿੰਦੂ ਵਿਦਿਆਰਥੀਆਂ ਦੀ ਬਹੁਗਿਣਤੀ ਵਾਲੇ ਪ੍ਰਾਈਵੇਟ-ਚਾਰਟਰ-ਇੰਡੀਪੈਂਡੈਂਟ ਸਕੂਲਾਂ ਨੂੰ ਦੀਵਾਲੀ ਮੌਕੇ ਛੁੱਟੀ ਕਰਨ ਦੀ ਅਰਜ਼ੋਈ ਕੀਤੀ। ਜੈੱਡ, ਜੋ ਕਿ ਯੂਨੀਵਰਸਲ ਸੁਸਾਇਟੀ ਆਫ ਹਿੰਦੂਇਜ਼ਮ ਦੇ ਪ੍ਰੈਜ਼ੀਡੈਂਟ ਹਨ, ਨੇ ਆਖਿਆ ਕਿ ਵਿਦਿਆਥੀਆਂ ਦੀਆਂ ਧਾਰਮਿਕ ਤੇ ਰੂਹਾਨੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਜਿਹਾ ਕਦਮ ਚੁੱਕਿਆ ਜਾਣਾ ਬਹੁਤ ਹੀ ਸਕਾਰਾਤਮਕ ਫੈਸਲਾ ਹੈ।
ਜੈ਼ੱਡ ਨੇ ਇਹ ਵੀ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਸਾਡੇ ਵਿਦਿਆਰਥੀ ਛੁੱਟੀ ਲੈ ਕੇ ਅਹਿਮ ਟੈਸਟ, ਪ੍ਰੀਖਿਆ, ਪੇਪਰ, ਅਸਾਈਨਮੈਂਟ, ਕਲਾਸ ਵਰਕ ਆਦਿ ਤੋਂ ਵਾਂਝੇ ਰਹਿ ਜਾਣ। ਉਨ੍ਹਾਂ ਆਖਿਆ ਕਿ ਜੇ ਸਕੂਲਾਂ ਵੱਲੋਂ ਹੋਰਨਾਂ ਧਾਰਮਿਕ ਦਿਨਾਂ ਉੱਤੇ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਤਾਂ ਦੀਵਾਲੀ ਉੱਤੇ ਵੀ ਅਜਿਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸਾਰੇ ਸਕੂਲਾਂ ਜਿਵੇਂ ਕਿ ਪਬਲਿਕ-ਪ੍ਰਾਈਵੇਟ-ਚਾਰਟਰ-ਇੰਡੀਪੈਂਡੈਂਟ ਆਦਿ ਨੂੰ ਦੀਵਾਲੀ ਵਾਲੇ ਦਿਨ ਸਰਕਾਰੀ ਛੁੱਟੀ ਐਲਾਨੀ ਜਾਣੀ ਚਾਹੀਦੀ ਹੈ। ਉਨ੍ਹਾਂ ਅਮਰੀਕਾ ਦੀਆਂ 50 ਸਟੇਟਸ ਦੇ ਗਵਰਨਰਜ਼ ਨੂੰ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਠੋਸ ਉਪਰਾਲੇ ਕਰਨ ਲਈ ਵੀ ਆਖਿਆ।
There are no comments at the moment, do you want to add one?
Write a comment