ਅਮਰੀਕਾ ਦੇ ਕਈ ਰਾਜਾਂ ਨੇ ਕੋਵਿਡ -19 ਦੇ ਵਾਧੇ ਨਾਲ ਨਜਿੱਠਣ ਲਈ ਕੇਂਦਰੀ ਸਹਾਇਤਾ ਦੀ ਕੀਤੀ ਬੇਨਤੀ

276
Share

ਫਰਿਜ਼ਨੋ (ਕੈਲੀਫੋਰਨੀਆ), 13 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀਆਂ ਕਈ ਸਟੇਟਾਂ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜਿਸ ਕਰਕੇ ਕਈ ਸੂਬੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੇ ਵਧ ਰਹੇ ਦਾਖਲਿਆਂ ਕਾਰਨ ਭਵਿੱਖੀ ਚਿੰਤਾ ਦੇ ਮੱਦੇਨਜ਼ਰ ਕੇਂਦਰੀ ਸਰਕਾਰ ਤੋਂ ਸਹਾਇਤਾ ਦੀ ਮੰਗ ਕਰ ਰਹੇ ਹਨ। ਇਹਨਾਂ ਵਿੱਚ ਮਿਸੀਸਿਪੀ, ਫਲੋਰਿਡਾ ਅਤੇ ਲੁਈਸਿਆਨਾ ਆਦਿ ਸੂਬੇ ਸਟਾਫ ਅਤੇ ਹਸਪਤਾਲਾਂ ਦੀ ਸਮਰੱਥਾ ਦੀਆਂ ਚਿੰਤਾਵਾਂ ਦੀ ਰਿਪੋਰਟ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਇਸ ਸਬੰਧੀ ਰਿਪੋਰਟਾਂ ਦੇ ਅਨੁਸਾਰ
ਮਿਸੀਸਿਪੀ ਦੇ ਅਧਿਕਾਰੀਆਂ ਨੇ ਮਿਲਟਰੀ ਹਾਸਪਿਟਲ ਸ਼ਿਪ ‘ਯੂ ਐਸ ਐਨ ਐਸ ਕੰਫਰਟ’ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ  ਕੋਵਿਡ -19 ਦੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾ ਸਕੇ। ਮਿਸੀਸਿਪੀ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਸਟੇਟ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਕਿ ਕੇਂਦਰ ਸਰਕਾਰ ਯੂ ਐਸ ਐਨ ਐਸ ਕੰਫਰਟ ਵਰਗੇ ਫੌਜੀ ਹਸਪਤਾਲ ਦੇ ਜਹਾਜ਼ ਨੂੰ ਭੇਜੇ, ਜਿਸਨੇ ਪਿਛਲੇ ਸਾਲ ਨਿਊਯਾਰਕ ਸਿਟੀ ਵਿੱਚ 180 ਤੋਂ ਵੱਧ ਕੋਵਿਡ -19 ਮਰੀਜ਼ਾਂ ਦਾ ਇਲਾਜ ਕੀਤਾ ਸੀ। ਮਿਸੀਸਿਪੀ ਦੀ ਸਿਹਤ ਸੰਭਾਲ ਪ੍ਰਣਾਲੀ ਕੋਰੋਨਾ ਮਰੀਜ਼ਾਂ ਦੇ ਵਾਧੇ ਅਤੇ ਸਟਾਫ ਦੀ ਘਾਟ ਕਾਰਨ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਮਿਸੀਸਿਪੀ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਅਨੁਸਾਰ ਇਸ ਵੇਲੇ ਹਸਪਤਾਲ ਦੇ ਸੱਤਰ ਕਰਮਚਾਰੀ ਕੁਆਰੰਟੀਨ ਵਿੱਚ ਹਨ ਅਤੇ ਮੈਡੀਕਲ ਸੈਂਟਰ ਇਸਦੇ ਇੱਕ ਬੇਸਮੈਂਟ ਵਿੱਚ ਇੱਕ ਫੀਲਡ ਹਸਪਤਾਲ ਸਥਾਪਤ ਕਰੇਗਾ। ਗਵਰਨਰ ਟੇਟ ਰੀਵਜ਼ ਦੇ ਅਨੁਸਾਰ, ਰਾਜ ਭਰ ਵਿੱਚ, ਲੇਬਰ, ਸਟਾਫ ਦੀ ਕਮੀ ਦੇ ਦੌਰਾਨ 920 ਹੋਰ ਸਿਹਤ ਸੰਭਾਲ ਕਰਮਚਾਰੀਆਂ ਦੀ ਜ਼ਰੂਰਤ ਹੈ। ਇਸਦੇ ਇਲਾਵਾ ਹੋਰਾਂ ਰਾਜਾਂ ਜਿਵੇਂ ਕਿ ਲੂਈਸਿਆਨਾ, ਫਲੋਰਿਡਾ ਵਿੱਚ ਵੀ ਹਸਪਤਾਲ ਭਵਿੱਖੀ ਹੰਕਟ ਦੀ ਸੰਭਾਵਨਾ ਨਾਲ ਨਜਿੱਠਣ ਲਈ ਯਤਨ ਕਰ ਰਹੇ ਹਨ, ਜਿਸ ਵਿੱਚ ਵੈਂਟੀਲੇਟਰਾਂ, ਐਂਬੂਲੈਂਸ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਸ਼ਾਮਲ ਹੈ।

Share