ਅਮਰੀਕਾ ਦੀ ਸਥਾਈ ਨਾਗਰਿਕਤਾ ਪਾਉਣ ਲਈ ਉਮੀਦਵਾਰਾਂ ਨੂੰ ਦੇਣੀ ਪਵੇਗੀ ਆਪਣੀ ਸੋਸ਼ਲ ਮੀਡੀਆ ਪਛਾਣ

ਵਾਸ਼ਿੰਗਟਨ, 6 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਨਾਗਰਿਕਤਾ ਪਾਉਣ ਦੀ ਇੱਛਾ ਰੱਖਣ ਵਾਲੇ (ਗ੍ਰੀਨ ਕਾਰਡ) ਨਾਗਰਿਕਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਖਤ ਨਿਯਮ ਬਣਾਉਣ ਦੀ ਤਿਆਰੀ ਵਿਚ ਹਨ। ਲੰਬੇ ਸਮੇਂ ਤੋਂ ਇਸ ਮੁੱਦੇ ‘ਤੇ ਚੱਲ ਰਹੇ ਸਖਤ ਕਾਨੂੰਨ ਵਿਚ ਇਕ ਨਵਾਂ ਮੋੜ ਆਇਆ ਹੈ। ਹੁਣ ਅਮਰੀਕੀ ਸਰਕਾਰ ਨੇ ਨਵਾਂ ਫੁਰਮਾਨ ਜਾਰੀ ਕੀਤਾ ਹੈ ਕਿ ਅਮਰੀਕਾ ਦੀ ਸਥਾਈ ਨਾਗਰਿਕਤਾ ਪਾਉਣ ਲਈ ਉਮੀਦਵਾਰਾਂ ਨੂੰ ਆਪਣੀ ਸੋਸ਼ਲ ਮੀਡੀਆ ਪਛਾਣ ਵੀ ਦੇਣੀ ਹੋਵੇਗੀ। ਅਮਰੀਕਾ ਦੇ ਹੋਮਲੈਂਡ ਸਿਕਓਰਿਟੀ ਵਿਭਾਗ (DHS) ਨੇ ਇਹ ਫੈਸਲਾ ਕੀਤਾ ਹੈ।
ਵਿਭਾਗ ਨੇ ਜਾਰੀ ਆਪਣੇ ਇਕ ਬਿਆਨ ਵਿਚ ਕਿਹਾ ਕਿ ਯੂ.ਐੱਸ. ਵਿਚ ਗ੍ਰੀਨ ਕਾਰਡ ਪਾਉਣ ਦੀ ਇੱਛਾ ਰੱਖਣ ਵਾਲੇ ਨਾਗਰਿਕਾਂ ਨੂੰ ਹੁਣ ਆਪਣੀ ਸੋਸ਼ਲ ਮੀਡੀਆ ਪਛਾਣ ਦੱਸਣੀ ਹੋਵੇਗੀ। ਗੌਰਤਲਬ ਹੈ ਕਿ ਬੀਤੇ ਦਿਨੀਂ ਟਰੰਪ ਨੇ ਗ੍ਰੀਨ ਕਾਰਡ ਅਤੇ ਅਮਰੀਕਾ ਵਿਚ ਨਾਗਰਿਕਤਾ ਚਾਹੁਣ ਵਾਲੇ ਪ੍ਰਵਾਸੀਆਂ ‘ਤੇ ਨਜ਼ਰ ਰੱਖਣ ਲਈ ਸੋਸ਼ਲ ਮੀਡੀਆ ‘ਤੇ ਫਰਜ਼ੀ ਅਕਾਊਂਟਸ ਖੋਲ੍ਹਣ ਦਾ ਫੈਸਲਾ ਕੀਤਾ ਸੀ। ਗ੍ਰੀਨ ਕਾਰਡ ਲਈ ਸੋਸ਼ਲ ਮੀਡੀਆ ਦੀ ਪਛਾਣ ਦੇਣ ਦਾ ਨੋਟਿਸ 4 ਸਤੰਬਰ ਤੋਂ ਪ੍ਰਕਾਸ਼ਿਤ ਹੋ ਚੁੱਕਾ ਹੈ। ਅਗਲੇ 60 ਦਿਨਾਂ ਤੱਕ ਸਾਰੇ ਨਾਗਰਿਕ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਨਾਗਰਿਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਮ ਦੇ ਸਿਲਸਿਲੇ ਵਿਚ ਆਪਣੀ ਜ਼ਿੰਦਗੀ ਗੁਜਾਰ ਰਹੇ ਭਾਰਤੀ ਨਾਗਰਿਕਾਂ ਨੂੰ ਮੁੜ ਨਵੀਂ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। ਨਵੇਂ ਨਿਯਮ ਦੇ ਮੱਦੇਨਜ਼ਰ ਸਾਰੇ ਨਾਗਰਿਕਾਂ ਨੂੰ ਆਪਣੀ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਤਹਿਤ ਪਿਛਲੇ 5 ਸਾਲਾਂ ਤੋਂ ਸੋਸ਼ਲ ਮੀਡੀਆ ਵਿਚ ਜਿਸ ਪਛਾਣ ਦੀ ਕੋਈ ਵੀ ਨਾਗਰਿਕ ਵਰਤੋਂ ਕਰ ਰਿਹਾ ਹੈ ਉਹੀ ਪਛਾਣ ਜਾਇਜ਼ ਹੋਵੇਗੀ।