ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣੀ ਕਮਲਾ ਹੈਰਿਸ

77
Share

ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ‘ਚ ਡੈਮੋਕ੍ਰੇਟਿਕ ਜੋਅ ਬਾਈਡੇਨ ਦੀ ਜਿੱਤ ਦੇ ਨਾਲ ਹੀ ਸ਼ਨੀਵਾਰ ਨੂੰ ਲੰਮੇ ਸਮੇਂ ਤੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਉਡੀਕ ਖ਼ਤਮ ਹੋ ਗਈ। ਉਨ੍ਹਾਂ ਦੇ ਨਾਲ ਚੱਲ ਰਹੀ ਸਾਥੀ ਕਮਲਾ ਹੈਰਿਸ ਨੇ ਇਤਿਹਾਸ ਰਚ ਦਿੱਤਾ ਹੈ। ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ, ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ। ਕਮਲਾ ਦੀ ਮਾਂ ਭਾਰਤ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਰਹਿਣ ਵਾਲੇ ਸਨ। ਕਮਲਾ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਜਦੋਂ ਚੁਣੀ ਗਈ ਤਾਂ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਬਹੁਤ ਹੌਂਸਲਾ ਵਧਾਇਆ। ਬਾਈਡੇਨ ਨੇ ਅਗਸਤ ਮਹੀਨੇ ਕਮਲਾ ਦਾ ਨਾਂ ਉਪ ਰਾਸ਼ਟਰਪਤੀ ਵਜੋਂ ਚੁਣਿਆ ਸੀ। ਕਮਲਾ ਕੈਲੀਫੋਰਨੀਆ ਤੋਂ ਸੈਨੇਟਰ ਰਹੀ ਹੈ। ਕਮਲਾ ਨੇ ਟਵੀਟ ਕਰਕੇ ਜਿੱਤ ਲਈ ਸਭ ਦਾ ਧੰਨਵਾਦ ਕੀਤਾ ਹੈ। ਕਮਲਾ ਹੈਰਿਸ ਸੈਨ ਫਰਾਂਸਿਸਕੋ ਦੀ ਪਹਿਲੀ ਮਹਿਲਾ ਜ਼ਿਲ੍ਹਾ ਅਟਾਰਨੀ ਸੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਵਾਲੀ ਗੈਰ ਗੋਰੀ ਪਹਿਲੀ ਮਹਿਲਾ ਵੀ ਰਹੀ ਹੈ।

ਬਾਈਡੇਨ ਦੀ ਸ਼ਾਨਦਾਰ ਜਿੱਤ ਨੇ ਤਾਂ ਅਮਰੀਕਾ ‘ਚ ਇਤਿਹਾਸ ਰਚਿਆ ਹੀ ਹੈ ਅਤੇ ਨਾਲ ਦੇ ਨਾਲ ਕਮਲਾ ਨੇ ਵੀ ਭਾਰਤ ਦਾ ਨਾਂ ਵਿਸ਼ਵ ‘ਚ ਉੱਚਾ ਕਰ ਦਿੱਤਾ ਹੈ।

ਕਮਲਾ ਹੈਰਿਸ ਨੇ ਟਵੀਟ ਕਰਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਟਵਿੱਟਰ ‘ਤੇ ਆਪਣੀ ਪਛਾਣ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਲਿਖ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਇਹ ਚੋਣ ਜੋਅ ਬਾਈਡੇਨ ਅਤੇ ਮੇਰੇ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਇਹ ਅਮਰੀਕਾ ਦੀ ਆਤਮਾ ਅਤੇ ਇਸ ਲਈ ਲੜਨ ਦੀ ਸਾਡੀ ਇੱਛਾ ਦੇ ਬਾਰੇ ਹੈ। ਸਾਡੇ ਅੱਗੇ ਬਹੁਤ ਕੰਮ ਹੈ। ਆਓ ਸ਼ੁਰੂ ਕਰੀਏ।”


Share