ਅਮਰੀਕਾ ਦਾਊਦ ‘ਤੇ ਸ਼ਿਕੰਜਾ ਕਸਣ ਲਈ ਹੋਇਆ ਤਿਆਰ

ਨਵੀਂ ਦਿੱਲੀ, 7 ਸਤੰਬਰ (ਪੰਜਾਬ ਮੇਲ)- 1993 ਮੁੰਬਈ ਦੇ ਸੀਰੀਅਲ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਅਤੇ ਅੰਡਰਵਰਲਡ ਦਾਊਦ ਇਬਰਾਹਿਮ ਅਤੇ ਉਸ ਦੀ ਡੀ ਕੰਪਨੀ ਦੇ ਖ਼ਿਲਾਫ਼ ਕੜੀ ਕਾਰਵਾਈ ਕਰਨ ‘ਤੇ ਅਮਰੀਕਾ ਰਾਜ਼ੀ ਹੋ ਗਿਆ ਹੈ। ਟੂ ਪਲੱਸ ਟੂ ਵਾਰਤਾ ਦੌਰਾਨ ਅਮਰੀਕਾ ਨੇ ਡੀ ਕੰਪਨੀ, ਅਲਕਾਇਦਾ, ਆਈਐਸਆਈਐਸ, ਲਸ਼ਕਰ ਏ ਤਾਇਬਾ, ਜੈਸ਼ ਏ ਮੁਹੰਮਦ , ਹਿਜਬੁਲ ਮੁਜਾਹਿਦੀਨ, ਹੱਕਾਨੀ ਨੈਟਵਰਕ, ਤਹਿਰੀਕ ਏ ਤਾਲਿਬਾਨ ਪਾਕਿਸਤਾਨ ਅਤੇ ਇਨ੍ਹਾਂ ਦੇ ਸਹਿਯੋਗੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਪ੍ਰਤੀਬੱਧਤਾ ਜਤਾਈ। ਦੋਵੇਂ ਦੇਸ਼ਾਂ ਵਲੋਂ ਜਾਰੀ ਸਾਂਝੇ ਬਿਆਨ ਵਿਚ ਇਨ੍ਹਾਂ ਅੱਤਵਾਦੀ ਗੁੱਟਾਂ ਦੇ ਖ਼ਿਲਾਫ਼ ਕਾਰਵਾਈ ਦੇ ਲਿਹਾਜ਼ ਨਾਲ ਸਾਲ 2017 ਵਿਚ ਸ਼ੁਰੂ ਕੀਤੀ ਗਈ ਦੁਵੱਲੀ ਵਾਰਤਾ ਦਾ ਜ਼ਿਕਰ ਕੀਤਾ ਗਿਆ ਹੈ।
ਦਾਊਦ ਇਬਰਾਹਿਮ ਭਾਰਤ ਦਾ ਮੋਸਟ ਵਾਂਟੇਡ ਅਪਰਾਧੀ ਹੈ। ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਉਹ ਭੱਜ ਕੇ ਪਾਕਿਸਤਾਨ ਵਿਚ ਜਾ ਲੁਕਿਆ ਸੀ। ਤਦ ਤੋਂ ਉਹ ਉਥੇ ਅਪਣੇ ਕਾਲੇ ਕਾਰੋਬਾਰ ਦਾ ਸੰਚਾਲਨ ਕਰ ਰਿਹਾ ਹੈ। ਸੂਤਰਾਂ ਅਨੁਸਾਰ ਕੌਮਾਂਤਰੀ ਮੰਚਾਂ ‘ਤੇ ਦਾਊਦ ਦੇ ਖ਼ਿਲਾਫ਼ ਖੁਫ਼ੀਆ ਜਾਣਕਾਰੀਆਂ ਨੂੰ ਸਾਂਝਾ ਕਰਨਾ ਭਾਰਤ ਦੇ ਲਈ ਅਜੇ ਕਾਫੀ ਚੁਣੌਤੀਪੂਰਣ ਸੀ ਕਿਉਂਕਿ ਇਸ ਨਾਲ ਡੀ ਕੰਪਨੀ ਵਿਚ ਮੌਜੂਦ ਸੂਤਰਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਸੀ। ਲੇਕਿਨ ਹੁਣ ਦੁਵੱਲੇ ਪਲੇਟਫਾਰਮ ‘ਤੇ ਇਸ ਤਰ੍ਹਾਂ ਦੀ ਸਹਿਮਤੀ ਬਣਨ ਨਾਲ ਸਾਰੀ ਜਾਣਕਾਰੀਆਂ ਅਮਰੀਕਾ ਨਾਲ ਸਾਂਝੀਆਂ ਕੀਤੀਆਂ ਜਾ ਸਕਣਗੀਆਂ। ਦਾਊਦ ਅਤੇ ਉਸ ਦੇ ਸਾਥੀਆਂ ਦੀ ਕਾਫੀ ਸੰਪਤੀਆਂ ਅਮਰੀਕਾ ਵਿਚ ਵੀ ਹਨ ਅਤੇ ਭਾਰਤ ਦੀ ਸੂਚਨਾ ‘ਤੇ ਕਾਰਵਾਈ ਦਾ ਰਸਤਾ ਸਾਫ ਹੋ ਗਿਆ ਹੈ।
ਅਮਰੀਕਾ ਅਤੇ ਭਾਰਤ ਨੇ ਟੂ ਪਲਸ ਟੂ ਵਾਰਤਾ ਤੋਂ ਬਾਅਦ ਸਾਂਝੇ ਬਿਆਨ ਵਿਚ ਦੋ ਵਾਰ ਪਾਕਿਸਤਾਨ ਦਾ ਜ਼ਿਕਰ ਕੀਤਾ। ਪਹਿਲਾਂ ਸਰਹੱਦ ਪਾਰ ਤੋਂ ਹੋਣ ਵਾਲੇ ਅੱਤਵਾਦ ਦੇ ਸਬੰਧ ਵਿਚ ਅਤੇ ਦੂਜਾ ਮੁੰਬਈ ਵਿਚ ਹੋਏ ਹਮਲਿਆਂ ਦੇ ਬਾਰੇ। ਇਸ ਨਾਲ ਇਹ ਉਮੀਦ ਜਗੀ ਹੈ ਕਿ ਟਰੰਪ ਪ੍ਰਸ਼ਾਸਨ ਭਾਰਤ ਦੇ ਗੁਆਂਢੀ ਦੇਸ਼ ‘ਤੇ ਅੱਤਵਾਦੀ ਸੰਗਠਨਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਡਿਪਲੋਮੈÎਟਿਕ ਦਬਾਅ ਬਣਾਵੇਗਾ।