ਅਮਰੀਕਾ ਤੋਂ ਆਏ ਵਿਦਿਆਰਥੀ ਦੀ ਅਣਗਹਿਲੀ ਕਾਰਨ ਕੈਨੇਡਾ ‘ਚ ਅੱਧੀ ਦਰਜਨ ਕੋਰੋਨਾ ਕੇਸ

115
Share

* 80 ਫ਼ੀਸਦੀ ਲੋਕ ਸਰਹੱਦ ਬੰਦ ਰੱਖਣ ਦੇ ਹੱਕ ‘ਚ
ਟੋਰਾਂਟੋ, 24 ਜੁਲਾਈ (ਪੰਜਾਬ ਮੇਲ)-ਕੈਨੇਡਾ ‘ਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕੋਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ। 80 ਫ਼ੀਸਦੀ ਤੋਂ ਵੱਧ ਕੈਨੇਡੀਅਨ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ ‘ਚ ਹਨ। ਕੈਨੇਡਾ ਦੇ ਪੂਰਬ ‘ਚ ਪ੍ਰਿੰਸ ਐਡਵਰਡ ਆਈਲੈਂਡ ਪ੍ਰਾਂਤ ਹੈ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੋਰੋਨਾ ਮੁਕਤ ਸੀ ਪਰ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਦੀ ਅਣਗਹਿਲੀ (ਹਦਾਇਤਾਂ ਅਨੁਸਾਰ ਇਕਾਂਤਵਾਸ ਨਾ ਕਰਨਾ) ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਦੱਸਿਆ ਜਾਂਦਾ ਹੈ। ਭਾਵੇਂ ਕਿ 22 ਮਾਰਚ ਤੋਂ ਜੁਲਾਈ ਦੇ ਅੱਧ ਤੱਕ 10000 ਤੋਂ ਵੱਧ ਅਮਰੀਕੀ ਸੈਲਾਨੀਆਂ ਨੂੰ ਸਰਹੱਦ ਤੋਂ ਮੋੜਿਆ ਜਾ ਚੁੱਕਾ ਹੈ ਪਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਵੀ ਮੰਨਦੇ ਹਨ ਕਿ ਵਿਸ਼ਾਲ ਸਰਹੱਦ ਤੋਂ ਹਰੇਕ ਨੂੰ ਰੋਕਣਾ ਸੰਭਵ ਨਹੀਂ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਰਾਹੀਂ ਸੜਕ ਰਸਤੇ ਅਲਾਸਕਾ ਜਾਣ ਵਾਲੇ ਅਮਰੀਕੀਆਂ ਨੂੰ ਰੋਕਿਆ ਨਹੀਂ ਜਾ ਸਕਦਾ। ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਕੈਨੇਡਾ ‘ਚ ਦਾਖਲ ਹੋਣ ਸਮੇਂ ਇਕਾਂਤਵਾਸ ਕਰਨ ਦੇ ਕੀਤੇ ਇਕਰਾਰ ਦੀ ਉਲੰਘਣਾ ਕਰਦੇ ਹਨ। ਵਪਾਰ ਵਾਸਤੇ ਸਰਹੱਦ ਖੁੱਲ੍ਹੀ ਹੈ, ਜਿੱਥੋਂ ਹਰੇਕ ਹਫ਼ਤੇ ਪੌਣੇ ਦੋ ਲੱਖ ਤੋਂ ਵੱਧ ਟਰੱਕ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ ਹਨ। ਟਰੱਕ ਡਰਾਈਵਰਾਂ ਤੋਂ ਬਿਨਾਂ ਹਰੇਕ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਹੈ। ਪੁਲਿਸ ਵੱਲੋਂ ਛਾਪੇ ਮਾਰ ਕੇ ਕੁਝ ਵਿਅਕਤੀਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ ਜਿਵੇਂ ਕਿ ਪਿਛਲੇ ਹਫ਼ਤੇ ਫਲੋਰੀਡਾ ਤੋਂ ਓਨਟਾਰੀਓ ਆਏ ਬਜ਼ੁਰਗ ਜੋੜੇ ਨੂੰ ਇਕਾਂਤਵਾਸ ਨਾ ਕਰਨ ਕਰਕੇ ਜੁਰਮਾਨਾ ਕੀਤਾ ਗਿਆ ਸੀ। ਅਲਾਸਕਾ ਜਾਂਦੇ ਸਮੇਂ ਅਲਬਰਟਾ ਵਿਖੇ ਬੈਂਫ ਨੈਸ਼ਨਲ ਪਾਰਕ ‘ਚ ਰੁਕ ਕੇ ਮੌਜ-ਮਸਤੀ ਕਰਨ ਵਾਲੇ ਦਰਜਨਾਂ ਅਮਰੀਕੀਆਂ ਨੂੰ ਵੀ ਜੁਰਮਾਨੇ ਕੀਤੇ ਜਾ ਚੁੱਕੇ ਹਨ।


Share